
#ਗੀਤਕਾਰ ਪੰਜਾਬ ਦੇ
ਲਿਖਤ ਰਾਜਪਾਲ ਸਿੰਘ ਘੱਲ ਕਲਾਂ
2022 ਵਿੱਚ ਇਸ ਨੂੰ ਲਿਖਣਾ ਸ਼ੁਰੂ ਕਰਿਆ ਸੀ ਨਾਮ ਲਿਖ ਲਿਖਕੇ ਰੱਖ ਛੱਡੇ ਸੀ ਛੰਦਬੰਦੀ ਹੌਲੀ ਹੌਲੀ ਕਰੀ ਗਏ ਜੇ ਕੋਈ ਨਾਮਵਰ ਗੀਤਕਾਰ ਰਹਿ ਗਿਆ ਹੋਵੇ ਤਾਂ ਦੱਸਣਾ ਜਿੰਨਾ ਦਾ ਨਾਮ ਨਹੀਂ ਆਇਆ ਉਹਨਾਂ ਗੀਤਕਾਰਾਂ ਤੋਂ ਮੁਆਫੀ। ਚੰਗਾ ਲਿਖਣ ਵਾਲਿਆਂ ਨੂੰ ਸਤਿਕਾਰ ਕੁਝ ਉੱਪਰ ਹੇਠਾਂ ਕਰਨ ਵਾਲਿਆਂ ਨੂੰ ਬੇਨਤੀ ਕਿ ਚੰਗਾ ਲਿਖੋ
ਦਿਲ ਵਿੱਚ ਬੜ੍ਹਾ ਮਾਣ-ਤਾਣ ਹੈ 'ਜਿੰਦੇ' ਵਾਲੇ ਜਸਬੀਰ ਦਾ,
ਚੇਤਾ ਹੋਣਾਂ 'ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ' ਵਾਲੀ ਤਸਵੀਰ ਦਾ,
ਬੱਲ ਦੇ ਕਿਆ ਕਹਿਣੇ 'ਅੱਖਾਂ ਬੰਨ੍ਹ ਟਿਕਾਣੇ ਲਾ ਦਿੰਦਾ ਤੀਰ' ਜੀ,
ਐਨਾ ਨਿੱਘਾ ਹੀਰਾ ਬੰਦਾ ਵੱਡੇ-ਛੋਟੇ ਸਭ ਤਾਂਈਂ ਆਖੇ ਵੀਰ ਜੀ,
ਅਮਰਦੀਪ ਗਿੱਲ ਦਾ ਇੰਟਰਨੈਸ਼ਨਲ ਗੀਤ 'ਕਿਹੜੇ ਪਿੰਡ ਦੀ ਤੂੰ ਨੀ',
ਛੱਡ ਗਿਆ ਸਾਨੂੰ, ਫਿਰੋਜ ਖਾਨ ਦੇ 'ਜ਼ਮਾਨਾ' ਵਾਲਾ, ਹਰਜ਼ਿੰਦਰ ਬੱਲ ਵੀ,
ਮਨਪ੍ਰੀਤ ਨਾਮ ਤੇਰਾ ਲੈ ਕੇ 'ਟਿਵਾਣੇ' ਮੈਨੂੰ ਧੁੱਪ ਬੜ੍ਹੀ ਚੰਗੀ ਲਗਦੀ,
'ਦੌਲਤਾਂ ਸ਼ੌਹਰਤਾਂ' ਵਾਲੀ ਪੌੜੀ ਚੜ੍ਹਦੇ ਸਾਰੇ ਤੈਨੂੰ ਮਿਲੀ ਸੋਭਾ ਜੱਗ ਦੀ,
ਹਰ 'ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ' ਅਲਬੇਲ ਬਰਾੜਾ,
'ਪਿੰਡ' ਕੁਲਬੀਰ ਝਿੰਜਰ ਦੇ ਗੀਤਾਂ ਨੇ ਬੰਨ੍ਹਿਆ ਪਿਆ ਨਜ਼ਾਰਾ,
'ਦੋ ਪੈੱਗਾ' ਵਾਲਾ ਗਾਮਾਂ ਘਰਦੀ ਕੱਢਦਾ ਸੀ ਸੱਕ ਪਾ ਕੇ ਕਿੱਕਰਾਂ ਦਾ,
ਜੈਜ਼ੀ ਬੀ ਨੂੰ ਬੜ੍ਹਾ ਕੁਝ ਲਿਖਕੇ ਦੇ ਗਿਆ ਏ ਵਈ ਜੰਡੂ ਲਿੱਤਰਾਂ ਦਾ,
ਨੇਕ ਬੇਰੰਗ ਦੀਆਂ ਕਸਮਾਂ ਖਾਕੇ 'ਖਤਾਂ ਦੇ ਟੁਕੜੇ ਸੌ ਕਰ ਗਈ',
ਕਰਮਜੀਤ ਭਗਤੇ ਦੀ ਕਲਮ 'ਚ ਪੂਜਾ ਦੀ ਆਵਾਜ਼ ਚੜ੍ਹ ਗਈ,
ਰਾਜੂ ਦੱਦਾਹੂਰ ਨੇ ਲਿਖਿਆ ਸੋਹਣਾ ਬੇਸ਼ੱਕ ਸਾਹਾਂ ਦੀ ਪੂੰਜੀ ਥੋੜ੍ਹੀ ਸੀ,
ਵਾਰਿਸ ਭਰਾਵਾ ਨਾਲ ਬਣਾਈ ਹਠੂਰ ਵਾਲੇ ਨੇ ਚੰਗੀ ਜੋੜੀ ਜੀ
ਪਰਗਟ ਲਿਧੜਾ ਵਾਲਾ ਜੱਟ ਘਾੜਾ ਸੀ ਹਰਮਨ ਪਿਆਰੇ ਦਾ,
ਕਾਲਾ ਨਿਜ਼ਾਮਪੁਰੀ ਹੀ ਲੇਖਕ ਸੀ ਮੱਖਣ ਦੇ 'ਸਿਤਾਰੇ' ਦਾ,
ਵਿਰਸੇ ਦੇ ਵਾਰਿਸ ਨੂੰ 'ਪਿੰਡ ਦਾ ਬਨੇਰਾ ਚੇਤੇ' ਲਿਆਉਣ ਵਾਲਾ,
ਸੁਖਪਾਲ ਔਜਲਾ ਬਣ ਗਿਆ ਏ ਜੀ ਅੱਜਕੱਲ੍ਹ ਗਾਉਣ ਵਾਲਾ,
ਇਕ ਵੇਲੇ ਜਗਦੇਵ ਮਾਨ ਨੇ ਖੜਕਾਈਆਂ ਬਲਦਾ ਗਲ਼ 'ਟੱਲੀਆਂ',
'ਸਾਡਾ ਵੀ ਇੱਕ ਯਾਰ ਹੁੰਦਾ ਸੀ' ਲਾਲ ਅਠੌਲੀ ਗੱਲਾਂ ਕਰੇ ਅਵੱਲੀਆਂ
'ਜੱਗ ਜਿਉਂਦਿਆਂ ਦੇ ਮੇਲੇ' ਵਾਲਾ ਗੀਤਕਾਰ ਵਿਜੇ ਧੰਮੀ ਹੇਰਾਂ ਤੋਂ,
'ਭਾਲਦੀ ਹੋਣੀ ਮਾਂ' ਗੀਤ ਦਾ ਲੇਖਕ ਹਰਜਿੰਦਰ ਮੱਲ ਕਲੇਰਾਂ ਤੋਂ,
ਅੱਜ ਕੱਲ੍ਹ ਚੱਲਦਾ ਮਿੱਤਰੋ ਜੋਰਾਂ ਸ਼ੋਰਾਂ ਤੇ ਨਾਮ ਹੈਪੀ ਰਾਏਕੋਟੀ ਦਾ,
ਬਚਨ ਬੇਦਿਲ ਵੀ ਬਣਿਆਂ ਏ ਸਬੱਬ ਬਹੁਤੇ ਕਲਾਕਾਰਾਂ ਦੀ ਰੋਟੀ ਦਾ,
ਰਾਣੀ ਤੱਤ ਵਾਲਾ ਹਰਮਨ ਵੀ ਲਿਖਦਾ ਰੀਝਾਂ ਨਾਲ 'ਲੌਂਗ ਲਾਚੀ' ਏ,
ਪਰੀਤ ਹਰਪਾਲ ਨਾਲੇ ਲਿਖੇ ਨਾਲੇ ਗਾਵੇ ਲੈ ਕੇ ਰੈਪ ਅਪਾਚੀ ਦੇ,
ਹਮਗੋਤੀ ਮੇਰਾ ਗਿੱਲ ਰੌਤਾਂ ਵੀ ਲਿਖਦਾ ਏ ਅਜੋਕੇ ਦਰਦ ਪਰੋ ਕੇ,
ਕੁੰਡੇ ਧਾਲੀਵਾਲ ਦੀਆਂ ਲਿਖਤਾਂ ਗਾਉਂਦੇ ਸੰਗਤਾਰ ਭਰਾ ਖਲ੍ਹੋ ਕੇ,
ਨਿੰਮਾ ਲੁਹਾਰ ਕੇ ਨੇ ਤਾਂ ਗੀਤਕਾਰੀ ਵਿੱਚ ਕਹਿਰ ਹੀ ਕਮਾਇਆ ਏ,
ਬਾਬੇ ਬੋਹੜ ਵਾਲਾ ਮੁਕਾਮ ਤਾਂ ਥਰੀਕਿਆਂ ਵਾਲੇ ਹਿੱਸੇ ਆਇਆ ਏ,
ਮਾਹੀਨੰਗਲ ਦਾ 'ਯਾਰ ਦਿਲਦਾਰ' ਸੰਗਦਿਲ ਸੰਤਾਲੀ ਏ,
ਭੱਟੀ ਭੜੀਵਾਲੇ ਦੇ ਲਿਖੇ ਗੀਤਾਂ ਦੀ ਤਾਂ ਗਿਣਤੀ ਬਾਹਲੀ ਏ,
ਗੁਰਮਿੰਦਰ ਮੱਧੋਕੇ ਪਿੰਡ ਚਿੱਠੀ ਤੇਰੀ 'ਪੰਜੇਬ' ਛਣਕਾਉਂਦੀ ਸੀ,
ਬਾਬੂ ਸਿੰਘ ਦੀ ਲਿਖਤ ਮਾਨ ਭਰਾਵਾਂ ਨਾਲ ਹੀ ਭਾਉਂਦੀ ਜੀ,
'ਚਿੱਠੀਏ ਨੀ ਚਿੱਠੀਏ' ਵਿੱਚ ਰੀਝ ਨਾ ਪਰੋਏ ਮੋਤੀ ਖੰਨੇਵਾਲੇ ਨੇ,
ਦਿਲ ਦਾ ਦਰਦ ਪਰੋਇਆ ਗੀਤਾਂ ਵਿੱਚ ਨਿਜ਼ਾਮਪੁਰੀ ਕਾਲੇ ਨੇ,
ਕੋਕੀ ਦੀਪ ਅੜੈਂਚਾ ਵਾਲਿਆ ਤੂੰ ਵੀ 'ਸਿਰਾ' ਕਰਵਾਇਆ ਸੀ,
ਗਗਨ ਕੋਕਰੀ ਵਾਲੇ ਵਰਗਿਆਂ ਨੂੰ ਤੂੰ ਖੂਬ ਚਮਕਾਇਆ ਸੀ,
ਮਾਧੋ ਝੰਡਿਆ ਵਾਕਿਆ 'ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ',
ਸੱਚ ਹੈ, ਗਰੀਬ ਗੀਤਕਾਰਾਂ ਦੀਆਂ ਰੁਲ ਜਾਣ ਛੱਲੇ ਮੁੰਦੀਆਂ,
ਮੌਕੇ ਦੇ ਸੱਚ ਸੁਣਾਉਂਦਾ ਮਿੱਤਰੋ ਅੱਜਕੱਲ੍ਹ ਚਰਨ ਲਿਖਾਰੀ ਏ,
ਰਾਜ ਕਾਕੜਿਆ ਤੂੰ ਦਿਲ ਨੂੰ ਲੱਗਿਆ, ਤੇਰੀ ਕਲਮ ਪਿਆਰੀ ਏ।
ਰਾਜ ਬਰਾੜ' ਵੀ ਤੁਰ ਗਿਆ ਕਰਕੇ 'ਪੰਜਾਬ ਦੀਆਂ ਗੱਲਾਂ',
'ਬਾਪੂ ਨੂੰ ਸਰਦਾਰੀ' ਕਰਾਉਣ ਵਾਲਾ ਚਮਕੌਰ ਰਹਿੰਦਾ ਏ ਘੱਲਾਂ,
ਬਿੰਦਰੱਖੀਏ ਦੇ ਯਾਰ ਸੰਧੂ ਸ਼ਮਸ਼ੇਰ ਦਾ ਸੀ ਜਿਕਰ ਰਹਿ ਗਿਆ,
ਧਰਮਵੀਰ ਥਾਂਦੀ ਦਾ 'ਕਾਸ਼ ਕਿਤੇ' ਦਿਲ ਵਿੱਚ ਸੀ ਲਹਿ ਗਿਆ,
'ਬੀਬਾ ਮੁੰਡਾ' ਵਾਲਾ ਕੇਵਲ ਸੁਣਿਆ ਰਹਿੰਦਾ ਏ ਪਿੰਡ ਬਿਲਗੇ,
'ਸਾਹਾਂ ਵਰਗੀਏ' ਬਾਲੀ ਯਾਦ ਰੱਖੂਗਾ ਰਿਸ਼ਤੇ ਇਹ ਦਿਲਦੇ,
ਮੱਖਣ ਬਰਾੜ ਦੇ ਤਿੱਖੇ ਬੋਲਾਂ ਵਿੱਚ ਹੈ ਕੌੜਾ ਕਾੜ੍ਹਾ ਪੰਜਾਬੀ ਦਾ
ਦੁੱਖ, ਅੱਜਕੱਲ੍ਹ ਆਉਂਦੇ ਜੋ ਗੀਤ, ਕਰਨ ਉਜਾੜਾ ਪੰਜਾਬੀ ਦਾ,
ਮਦਨ ਜਲੰਧਰੀ 'ਟੁੱਟਾ ਹੋਇਆ ਦਿਲ ਸਾਡਾ ਜੋੜ ਕਿਵੇ ਜੋੜੇਂਗਾ',
ਮਿੰਟੂ ਉੱਪਲਾਂ ਵਾਲੇ ਨੂੰ ਦੱਸ ਕਲੇਰ ਕੰਠ ਤੋਂ ਕਿਵੇਂ ਵਿਛੋੜੇਂਗਾ,
ਗੀਤਕਾਰ ਦੀਪਾ ਘੋਲੀਆ ਤੇ ਬੂਟਾ ਭਾਈਰੂਪਾ ਸੀ ਭਾਈ,
ਭਿੰਦਰ ਡੱਬਵਾਲੀ ਨੇ ਲੋਕ ਤੱਥਾਂ ਦੀ ਚੰਗੀ ਛਹਿਬਰ ਲਾਈ,
'ਦਿਲ ਦਾ ਦਰਦ ਜ਼ਦੋਂ ਆ ਗਿਆ ਜੁਬਾਨ ਤੇ' ਸ਼ਹਿਬਾਜ਼ ਦੇ,
ਸੁਣਕੇ ਸ਼ੇਰੇ ਨੂੰ ਤਾਂ ਹੌਲ ਪਏ ਸੀ ਦਿਲ ਵਿੱਚ ਉਦੋਂ ਰਾਜ ਦੇ,
ਗੀਤਕਾਰ ਚੰਗੇ ਬੜ੍ਹੇ ਨੇ 'ਗਿੱਲਾ' ਹਿਸਾਬ ਨਹੀਂ ਇਹ ਮੋਟਾ ਮੋਟਾ,
ਗੋਸਲ' ਗੀਤਕਾਰੀ ਦਾ ਮੁੱਲ ਨ ਪੈਂਦਾ ਆਖੇ ਸਾਬ ਪਨਗੋਟਾ।
ਮਨਵਿੰਦਰ ਮਾਨ ਵੀਰ ਮੇਰਾ ਜਾਦੂਗਰ ਲਫਜ਼ਾਂ ਦਾ ਮਲਵਈ ਏ,
ਗੱਲ ਜਿਹੜੀ ਪੜ੍ਹੀ ਤੁਸੀਂ ਰਾਜਪਾਲ ਨੇ ਤਿੰਨ ਸਾਲਾਂ ਵਿੱਚ ਕਹੀ ਏ।
ਲਿਖਤ ਰਾਜਪਾਲ ਸਿੰਘ ਘੱਲਕਲਾਂ
#ਪੰਜਾਬਦੇਗੀਤਕਾਰ #ਗੀਤਕਾਰ #ਪ੍ਰਸਿੱਧਗੀਤਕਾਰ #ਗੀਤ