
ਟੇਂਬਾ ਬਾਵੁਮਾ Temba Bavuma
ਲਿਖਤ : ਰਾਜਪਾਲ ਸਿੰਘ ਘੱਲ ਕਲਾਂ
ਲਾਂਗਾ, ਕੇਪ ਟਾਊਨ ਵਿੱਚ 17 ਮਈ 1990 ਨੂੰ ਪਿਤਾ ਵੁਇਓ ਬਾਵੁਮਾ (Vuyo Bavuma) (ਪੱਤਰਕਾਰ) ਅਤੇ ਮਾਤਾ ਫੁਮਜ਼ਾ ਬਾਵੁਮਾ (Phumza Bavuma) ਦੇ ਘਰ ਜਨਮੇ ਬਾਵੁਮਾ ਇੱਕ ਦੱਖਣੀ ਅਫ਼ਰੀਕੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਜਿਸ ਨੂੰ ਪਿਆਰ ਨਾਲ ਜੌਹਨ ਦ ਡੌਨ ਤੋਂ ਇਲਾਵਾ ਉਸਦੇ ਛੋਟੇ ਕੱਦ ਕਰਕੇ ਸਚਿਨ ਕਹਿ ਕਿ ਵੀ ਬੁਲਾਇਆ ਜਾਂਦਾ ਹੈ। ਉਸਦੇ ਪਰਿਵਾਰ ਵਿੱਚ ਉਸਦੇ ਇੱਕ ਹੋਰ ਭੈਣ ਅਤੇ ਭਰਾ ਹਨ। ਬਚਪਨ ਵਿੱਚ ਬਾਵੁਮਾ ਨੂੰ ਟੈਨਿਸ, ਫੁੱਟਬਾਲ ਅਤੇ ਰਗਬੀ ਖੇਡਣਾ ਪਸੰਦ ਸੀ ਅਤੇ ਫੁੱਟਬਾਲ ਨਾਲ ਲਗਾਓ ਬਹੁਤਾ ਸੀ ਪਰ 12 ਸਾਲ ਦੀ ਉਮਰ ਵਿੱਚ ਉਸਦੇ ਇੱਕ ਅੰਕਲ ਨੇ ਜੋਹਾਨਸਬਰਗ ਵਿੱਚ ਉਸਨੂੰ ਕ੍ਰਿਕੇਟ ਵੱਲ ਜਿਆਦਾ ਧਿਆਨ ਦੇਣ ਲਈ ਪ੍ਰੇਰਿਆ ਅਤੇ ਉਹ ਪ੍ਰੇਰਨਾ ਉਸਦੇ ਸਿਰ ਦਾ ਤਾਜ ਬਣ ਗਈ। ਉਹ ਬਾਕੀ ਦੱਖਣੀ ਅਫਰੀਕੀ ਖਿਡਾਰੀਆਂ ਵਾਂਗ ਬਹੁ-ਪ੍ਰਤਿਭਾਸ਼ਾਲੀ ਖਿਡਾਰੀ ਹੈ ਉਹ ਸਿਰਫ ਕ੍ਰਿਕੇਟ ਦਾ ਖਿਡਾਰੀ ਨਹੀਂ ਹੈ ਗੋਲਫ ਵਿੱਚ ਵੀ ਬਹੁਤ ਟੂਰਨਾਮੈਂਟ ਖੇਡ ਚੁੱਕਾ ਹੈ। ਬਾਵੁਮਾ ਅਫਰੀਕਾ ਦੀ ਟੈਸਟ ਟੀਮ ਅਤੇ ਇੱਕ ਰੋਜ਼ਾ ਕ੍ਰਿਕਟ ਟੀਮ ਦਾ ਮੌਜੂਦਾ ਕਪਤਾਨ ਹੈ, ਅਤੇ ਪਹਿਲਾਂ ਟੀ-20 ਵਿੱਚ ਵੀ ਕਪਤਾਨੀ ਕਰ ਚੁੱਕਾ ਹੈ ਪਰ ਟੀ-20 ਕ੍ਰਿਕੇਟ ਵਿੱਚ ਸ਼ਾਇਦ ਉਹ ਆਪਣੇ ਧੀਰਜ ਤੇ ਠਰੰਮੇ ਵਾਲੇ ਸੁਭਾਅ ਨਾਲ ਸਹੀ ਫਿੱਟ ਨਹੀਂ ਆਉਂਦਾ ਬੇਸ਼ੱਕ ਪਿਛਲੀਆਂ ਲੀਗ ਵਿੱਚ ਉਸਦਾ ਪਰਦਰਸ਼ਨ ਬਾਕਮਾਲ ਰਿਹਾ ਹੈ। ਉਹ ਸੱਜੇ ਹੱਥ ਦਾ ਮੱਧ-ਕ੍ਰਮ ਦਾ ਬੱਲੇਬਾਜ਼ ਹੈ ਲੋੜ ਪੈਣ ਤੇ ਗੇਂਦਬਾਜ਼ੀ ਵੀ ਕਰ ਸਕਦਾ ਹੈ। ਉਸਦਾ ਸੰਘਰਸ਼ ਵੀ ਆਪਣੇ ਬਲਬੂਤੇ ਆਪਣੇ ਪੰਜਾਬ ਦੇ ਸਰਪੰਚ ਸ਼੍ਰੇਅਸ ਅਈਅਰ ਵਰਗਾ ਹੀ ਹੈ ਜਿਸ ਮਿਹਨਤ ਤੇ ਲਗਨ ਨਾਲ ਸ਼੍ਰੇਅਸ ਅੱਗੇ ਵਧੀਆ ਉਹੋ ਜਿਹੇ ਹੀ ਪ੍ਰਦਰਸ਼ਨ ਕਰਕੇ ਬਾਵੁਮਾ ਵੀ ਨੈਸ਼ਨਲ ਟੀਮ ਵਿੱਚ ਆਇਆ ਹੈ ਕਿਸੇ ਸਿਫਾਰਸ਼ ਨਾਲ ਨਹੀਂ, ਉਹ ਦੱਖਣੀ ਅਫ਼ਰੀਕਾ ਲਈ ਟੈਸਟ ਸੈਂਕੜਾ ਬਣਾਉਣ ਵਾਲਾ ਪਹਿਲਾ ਕਾਲਾ ਅਫ਼ਰੀਕੀ ਕ੍ਰਿਕਟਰ ਸੀ ਅਤੇ ਟੀਮ ਦੀ ਪੱਕੇ ਤੌਰ ਤੇ ਕਪਤਾਨੀ ਕਰਨ ਵਾਲਾ ਵੀ ਪਹਿਲਾ ਹੀ ਖਿਡਾਰੀ ਸੀ। ਬਾਵੁਮਾ ਤਿੰਨ ਦੱਖਣੀ ਅਫ਼ਰੀਕੀ ਕ੍ਰਿਕਟਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇੱਕ ਰੋਜ਼ਾ ਡੈਬਿਊ (ਮਤਲਵ ਪਹਿਲੇ ਮੈਚ) ਵਿੱਚ ਸੈਂਕੜਾ ਲਗਾਇਆ, ਉਸਨੇ ਸਤੰਬਰ 2016 ਵਿੱਚ ਆਇਰਲੈਂਡ ਵਿਰੁੱਧ 113 ਦੌੜਾਂ ਬਣਾਈਆਂ। ਉਸਦੀ ਕਪਤਾਨੀ ਹੇਠ, ਦੱਖਣੀ ਅਫ਼ਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ 14 ਜੂਨ 2025 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਜਿੱਤਿਆ, ਜੋ ਕਿ 27 ਸਾਲਾਂ ਵਿੱਚ ਉਹਨਾਂ ਦੀ ਪਹਿਲੀ ਆਈਸੀਸੀ ਟੂਰਨਾਮੈਂਟ ਜਿੱਤ ਸੀ। ਜਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਟੀਮ ਅਤੇ ਲੋਕਾਂ ਨੇ ਉਸਦੇ ਛੋਟੇ ਕੱਦ ਦਾ ਹੋਣ ਤੇ ਬਹੁਤ ਭੱਦੇ ਮਜਾਕ ਵੀ ਕੀਤੇ ਪਰ ਉਹ ਇਹਨਾਂ ਗੱਲ ਦੇ ਬਾਵਜੂਦ ਵੀ ਆਪਣੇ ਇਰਾਦੇ ਤੇ ਮਜਬੂਤ ਰਿਹਾ ਲੱਤ ਵਿੱਚ ਦਰਦ ਹੋਣ ਦੇ ਬਾਵਜੂਦ ਦਰਦ ਦੀ ਦਵਾਈ ਖਾਹ ਕੇ ਪਿੱਚ ਤੇ ਮਜਬੂਤੀ ਨਾਲ ਅੜਿਆ ਰਿਹਾ। ਉਸਨੂੰ ਭੱਦੇ ਕੰਮੈਂਟ ਕਰਨ ਵਾਲਿਆਂ ਵਿੱਚ ਕੋਹਲੀ ਕੋਹਲੀ ਵੀ ਸ਼ਾਮਲ ਹੈ ਪਿਛਲੇ ਸਾਲ ਕੋਹਲੀ ਆਸਟ੍ਰੇਲੀਆ ਵਿੱਚ ਵੀ ਇਸੇ ਕਰਕੇ ਲਾਹ ਪਾਹ ਕਰਾ ਕੇ ਆਇਆ ਸੀ। ਕ੍ਰਿਕੇਟ ਦੇ ਜਾਣਕਾਰ ਜਾਂ ਖੇਡਣ ਵਾਲੇ ਇਹ ਗੱਲ ਸਮਝ ਸਕਦੇ ਨੇ ਕਿ ਪੂਰਾ ਦਿਨ ਮੈਦਾਨ ਵਿੱਚ ਫੀਲਡਿੰਗ ਅਤੇ ਬੈਟਿੰਗ ਕਰਨਾ ਕਿੰਨਾ ਔਖਾ ਕੰਮ ਹੁੰਦਾ, ਪਰ ਇਸ ਦਰਦ ਨੂੰ ਉਸਨੇ ਏਡਨ ਮਾੱਰਕਰੱਮ ਨਾਲ ਮਿਲਕੇ ਜਿੱਤ ਦੀ ਖੁਸ਼ੀ ਵਿੱਚ ਬਦਲਿਆ। 2014 ਵਿੱਚ ਏਡਨ ਬਤੌਰ ਕਪਤਾਨ ਨੇ ਸਾਊਥ ਅਫਰੀਕਾ ਲਈ ਅੰਡਰ-19 ਵਿਸ਼ਵ ਕੱਪ ਜਿੱਤ ਕੇ ਦਿੱਤਾ ਸੀ ਉਸ ਟੀਮ ਵਿੱਚ ਕਗੀਸੋ ਰਬਾਡਾ ਵੀ ਏਡਨ ਦੇ ਨਾਲ ਸੀ।
ਖੈਰ ਆਪਾਂ ਗੱਲ ਕਰ ਰਹੇ ਆਂ 'ਜੌਹਨ ਦਾ ਡੌਨ' ਬਾਵੁਮਾ ਦੀ, ਉਸਦੇ ਵਿਅਕਤਿਤਵ ਦੀ ਜੇ ਗੱਲ ਕਰੀਏ ਤਾਂ ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਸ ਨੂੰ ਇੱਕ ਪੱਤਰ ਲਿਖਣ ਲਈ ਕਿਹਾ ਕਿ, "ਤੁਸੀਂ ਆਪਣੇ ਆਪ ਨੂੰ ਅਗਲੇ 15 ਸਾਲ ਵਿੱਚ ਕਿੱਥੇ ਵੇਖਦੇ ਹੋ?" ਬਾਵੁਮਾ ਨੇ ਲਿਖਿਆ, "ਮੈਂ ਆਪਣੇ ਆਪ ਨੂੰ ਨੈਸ਼ਨਲ ਟੀਮ ਲਈ ਖੇਡਦਾ ਹੋਇਆ ਦੱਖਣੀ ਅਫਰੀਕਾ ਦੇ ਪਰੈਜੀਡੈਂਟ ਨਾਲ ਹੱਥ ਮਿਲਾਉਂਦਾ ਦੇਖ ਰਿਹਾ ਹਾਂ"। ਇਹ ਹੁੰਦੀ ਹੈ ਦੂਰ-ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਦੀ ਪਰਪੱਕਤਾ। ਜਰਸੀ ਨੰਬਰ 11 ਵਿੱਚ ਖੇਡਣ ਵਾਲੇ ਟੇਂਬਾ ਬਾਵੁਮਾ ਨੇ ਦੁਨੀਆਂ ਵਿੱਚ ਇੱਕ ਹੋਰ ਕੀਰਤੀਮਾਨ ਸਥਾਪਤ ਕੀਤਾ ਹੈ ਅੱਜ ਤੱਕ ਉਸਨੇ ਬਤੌਰ ਕਪਤਾਨ 10 ਮੈਚ ਖੇਡੇ ਨੇ 9 ਜਿੱਤੇ ਇੱਕ ਬਰਾਬਰੀ ਤੇ ਰਿਹਾ ਤੇ ਹਾਰਿਆ ਅੱਜ ਤੱਕ ਇੱਕ ਵੀ ਨਹੀਂ। ਇੱਕ ਦਿਨਾਂ 42 ਮੈਚਾਂ ਵਿਚੋਂ 22 ਜਿੱਤੇ 19 ਹਾਰੇ ਤੇ ਟੀ20 ਵਿਚੋਂ 25 ਵਿਚੋਂ 15 ਜਿੱਤੇ ਨੇ 9 ਹਾਰੇ ਨੇ।
ਜੇ ਉਸਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸਨੇ ਬੀਕਾਮ ਕੀਤੀ ਹੋਈ ਹੈ ਉਹ ਬਿਜ਼ਨੈਸਮੈਨ ਵੀ ਹੈ ਉਹ ਇੱਕ ਪ੍ਰਾਪਟੀ ਫਰਮ ਦਾ ਗੈਰ ਕਾਰਜਕਾਰੀ ਡਾਇਰੈਕਟਰ ਹੈ।
ਉਸਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਦੇਖਦੇ ਹੋਏ ਆਪਣੇ ਵਰਗੇ ਕ੍ਰਿਕੇਟ ਦੇ ਜ਼ਜਬੇ ਨੂੰ ਹੋਰ ਲੋਕਾਂ ਵਿੱਚ ਭਰਨ ਲਈ ਟੇਂਬਾ ਬਾਵੁਮਾ ਨਾਮ ਦੀ ਫਾਊਂਡੇਸ਼ਨ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਵਜੀਫੇ, ਕ੍ਰਿਕੇਟ ਕਲੀਨਿਕ ਅਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ, ਉਹਨਾਂ ਦੀ ਸਹਾਇਤਾ ਨਾਲ ਕੁਝ ਬੱਚੇ ਉੱਚ ਵਿਦਿਆ ਹਾਸਲ ਕਰ ਰਹੇ ਨੇ ਉਸਦੀ ਫਾਊਂਡੇਸ਼ਨ ਦੇ 6 ਟਰੱਸਟੀ ਨੇ। ਦੱਖਣੀ ਅਫਰੀਕਾ ਵਿੱਚ ਉਸਨੂੰ ਕਾਲੇ ਲੋਕਾਂ ਲਈ ਇੱਕ ਮਾਰਗ ਦਰਸ਼ਕ ਦੇ ਤੌਰ ਤੇ ਦੇਖਿਆ ਜਾਂਦਾ ਉਸਦੀ ਤਾਰੀਫ ਵਿੱਚ ਕਿਹਾ ਜਾਂਦਾ, "A torch bearer for black cricketers in South Africa, history will remember Temba Bavuma as the first ever black South African cricketer to be appointed as the captain of the Proteas men and before that, as also the first black African cricketer to score a Test century for South Africa." ਥੋੜ੍ਹੇ ਸ਼ਬਦਾ ਵਿੱਚ ਕਹਾਂ ਕਿ ਉਹ ਕਾਲੇ ਲੋਕਾਂ ਲਈ ਮਸ਼ਾਲ ਫੜ੍ਹਕੇ ਅੱਗੇ ਜਾਣ ਵਾਲਾ ਵਿਅਕਤੀ ਹੈ ਅਤੇ ਸਾਊਥ ਅਫਰੀਕਾ ਦਾ ਪਹਿਲਾ ਕਾਲਾ ਕਪਤਾਨ ਹੈ। ਗੱਲ ਵੀ ਸਹੀ ਹੈ ਜੋ ਉਸਦੀ ਤਾਰੀਫ ਵਿੱਚ ਆਖੀ ਜਾਂਦੀ ਹੈ ਅੱਜ ਦੇ ਮਤਲਵੀ ਜਮਾਨੇ ਵਿੱਚ ਕੋਈ ਬੰਦਾ ਆਪਣੇ ਲੋਕਾਂ ਲਈ ਸੋਚ ਰਿਹਾ ਪੜ੍ਹਨ ਵਾਲਿਆਂ/ਖੇਡਣ ਵਾਲਿਆਂ ਦੀਆਂ ਫੀਸਾਂ ਭਰ ਰਿਹਾ ਸੱਚਿਓਂ ਸਲੂਟ ਹੈ ਐਸੇ ਬੰਦੇ ਨੂੰ ਆਪਣੇ ਮੁਲਕ ਆਲੇ ਤਾਂ ਅਰਬਾਂ ਰੁਪਿਆ ਕਮਾ ਕੇ ਵੀ ਆਪਣੇ ਕਾਰੋਬਾਰ ਸੈੱਟ ਕਰਨ ਤੇ ਲੱਗੇ ਨੇ ਪਰ ਬਾਵੁਮੇ ਦੀ ਸੋਚ ਹੈ ਕਿ ਹੋਰ ਉਹਦੇ ਵਰਗੇ ਕਾਲੇ ਦੱਖਣੀ ਅਫਰੀਕਾ ਵਿੱਚ ਖਿਡਾਰੀ ਪੈਦਾ ਹੋਣ। ਉਸਦੇ ਬਾਰੇ ਪੜ੍ਹਕੇ ਅਤੇ ਜਾਣ ਕੇ ਇਹ ਲੱਗਿਆ ਕਿ ਜੇਕਰ ਵਾਕਿਆ ਉਸਦੇ ਇਰਾਦੇ ਨੇਕ ਨੇ ਲੋਕਾਂ ਲਈ ਬਹੁਤ ਕੁਝ ਕਰਨਾ ਚਾਹੁੰਦਾ ਤਾਂ ਪਰਮਾਤਮਾ ਉਸਦੀ ਹਰ ਮੋੜ ਤੇ ਸਹਾਇਤਾ ਕਰੇ।
ਅਲੱਗ ਅਲੱਗ ਸ੍ਰੋਤਾਂ ਤੋਂ ਜਾਣਕਾਰੀ ਇਕੱਠੀ ਕਰਕੇ
ਭੁੱਲ ਚੁੱਕ ਦੀ ਖਿਮਾਂ ਸਹਿਤ ਰਾਜਪਾਲ ਸਿੰਘ ਘੱਲ ਕਲਾਂ