
#ਮਿਹਨਤ, ਕਿਸਮਤ ਤੇ ਕਰਮ
#Mehnat, Kismat te Karam
Likhat: Rajpal Singh Ghal Kalan
ਬਹੁਤ ਲੋਕ ਕਹਿੰਦੇ ਨੇ ਕਿ ਮਿਹਨਤ ਨਾਲ ਕੁਝ ਵੀ ਹੋ ਸਕਦਾ ਤੇ ਦੂਜੇ ਪਾਸੇ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਕਿਸਮਤ ਤੋਂ ਬਿਨਾਂ ਕੁਝ ਨਹੀਂ ਹੁੰਦਾ।
ਜੇਕਰ ਕਿਸਮਤ ਵਾਲੀ ਗੱਲ ਮੰਨੀਏ ਤਾਂ ਫੇਰ ਕਿਸਮਤ ਕਿਵੇਂ ਲਿਖੀ ਜਾਂਦੀ ਹੈ। ਜੇ ਰੱਬ ਆਪਣੀ ਮਰਜੀ ਨਾਲ ਕਿਸਮਤ ਲਿਖਦਾ ਤਾਂ ਉਹ ਕਿਸੇ ਨਾਲ ਵਿਤਕਰਾ ਕਿਵੇਂ ਕਰ ਸਕਦਾ ਕਿਉਂ ਜੋ ਆਖਦੇ ਨੇ ਕਿਸਮਤ ਮਾੜੀ ਉਹ ਤਾਂ ਡਾਹਡੇ ਦੁਖੀ ਨੇ। ਪਰਮਾਤਮਾ ਸਭ ਦਾ ਲੇਖਾ ਜੋਖਾ ਕਰਦਾ ਇਹ ਆਮ ਜਿਹੀ ਗੱਲ ਹੈ ਕਿ ਕਿਹਾ ਜਾਂਦਾ 'ਓਹ ਸਭ ਵੇਖ ਰਿਹਾ'।
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ॥
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ॥੨॥੯੮੯
ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਉਦਾਹਰਣ ਨੇ (ਮੈਂ ਲਿਖਦਾ ਘੱਟ ਹਾਂ ਇਸ ਲਈ ਕਿ ਗਲਤੀ ਨਾ ਹੋਵੇ)। ਗੁਰਬਾਣੀ ਇਸ ਗੱਲ ਦੀ ਬੜ੍ਹੀ ਦ੍ਰਿੜਤਾ ਨਾਲ ਪ੍ਰੋੜਤਾ ਕਰਦੀ ਹੈ ਕਿ ਜੋ ਇਸ ਜਨਮ ਵਿੱਚ ਮਿਲ ਰਿਹਾ ਜਾਂ ਜੋ ਲੋਕਾਂ ਨਾਲ ਵਿਚਰ ਰਹੇ ਹਨ ਉਹ ਸਭ ਪਿਛਲੇ ਜਨਮ ਦੇ ਕਰਮਾਂ ਦਾ ਫਲ਼ ਹੈ। ਬਹੁਤ ਲੋਕ ਕਹਿੰਦੇ ਨੇ ਕਿ ਅਗਲਾ ਜਨਮ ਕਿਸ ਨੇ ਵੇਖਿਆ ਹੈ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਵਿਖਾਵੇ ਲਈ ਮੱਥਾ ਨਾ ਟੇਕਿਆ ਕਰੋ। ਜੇ ਇਸ ਪਿਛਲੇ ਜਨਮ ਦੇ ਕਰਮ ਤੇ ਗੁਰਬਾਣੀ ਤੇ ਵਿਸ਼ਵਾਸ ਨਹੀਂ ਤਾਂ ਭਾਈ ਮੱਥਾ ਵਿਖਾਵੇ ਲਈ ਵੀ ਨਾ ਟੇਕਿਆ ਕਰੋ। ਜਿੰਨੀ ਮਰਜੀ ਮਿਹਨਤ ਕਰ ਲਵੋ ਜਿੰਨਾ ਚਿਰ ਤੁਹਾਡੇ ਪਿਛਲੇ ਕੀਤੇ ਕਰਮ ਚੰਗੇ ਨਹੀਂ ਹੁੰਦੇ ਤੁਸੀਂ ਇੱਕ ਚੰਗਾ ਜੀਵਨ ਨਹੀਂ ਜਿਉਂ ਸਕਦੇ। ਇਸਦਾ ਮਤਲਵ ਇਹ ਬਿਲਕੁਲ ਨਹੀਂ ਕਿ ਪਿਛਲੇ ਜਨਮ ਦੇ ਕੀਤੇ ਕਰਮਾਂ ਕਰਕੇ ਕੋਈ ਪੈਸਾ-ਟਕਾ ਜਾਂ ਐਸ਼ੋ-ਆਰਾਮ ਜਿਆਦਾ ਮਿਲੇਗਾ। ਗੁਰਬਾਣੀ ਉਹਨਾਂ ਦੁੱਖਾਂ ਨੂੰ ਦੁੱਖ ਨਹੀਂ ਮੰਨਦੀ ਜੋ ਸਾਨੂੰ ਸਰੀਰਕ ਤੌਰ ਤੇ ਜਾਪਦੇ ਨੇ। ਮਿਹਨਤ ਕਰਨ ਵਾਲਾ ਬੰਦਾ ਕਿਸੇ ਬੇਈਮਾਨੀ ਜਾਂ ਦੋ ਨੰਬਰੀ ਦੀ ਝਾਕ ਨਹੀਂ ਰੱਖਦਾ ਤੇ ਉਸਦਾ ਰਾਹ ਆਪਣੇ ਆਪ ਹੀ ਪੱਧਰਾ ਰਹਿੰਦਾ ਹੈ ਮਿਹਨਤ ਸਰੀਰਕ ਤੰਦਰੁਸਤੀ ਵੀ ਬਣੀ ਰਹਿੰਦੀ ਹੈ। ਬਹੁਤ ਲੋਕਾਂ ਨੂੰ ਤੁਸੀਂ ਦੇਖਿਆ ਹੋਵੋਂਗਾ ਜਾਂ ਦੇਖਦੇ ਹੋ ਕਿ ਉਹ ਮਿਹਨਤ ਕਰਕੇ ਵੀ ਆਰਥਿਕ ਪੱਖੋਂ ਐਨੇ ਖੁਸ਼ਹਾਲ ਨਹੀਂ ਹਨ। ਮੈਂ ਇਤਿਹਾਸ ਵਿੱਚ ਪੜਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਮਾਇਆ ਗੁਜਰਾਨ ਹੈ, ਪੈਸਾ ਗੁਜਾਰੇ ਮਾਤਰ ਆਵੇ ਉਹੀ ਠੀਕ ਹੈ, ਜਿਆਦਾ ਪੈਸਾ ਵੀ ਤੁਹਾਡਾ ਸਕੂਨ ਖੋ ਲੈਂਦਾ ਹੈ ਤੁਸੀਂ ਯੋਜਨਾਵਾਂ ਵਿੱਚ ਰੁੱਝੇ ਰਹਿੰਦੇ ਹੋ ਕਿ ਇਸ ਨਾਲ ਹੋਰ ਕਿਵੇ ਤੇ ਕੀ ਬਣਾਉਣਾ। ਪੈਸਾ ਕਮਾਉਣਾ ਕੋਈ ਬੁਰੀ ਗੱਲ ਨਹੀਂ ਕਿਸ ਢੰਗ ਨਾਲ ਕਮਾਉਣਾ ਉਹ ਜਰੂਰ ਬੁਰਾ ਹੋ ਸਕਦਾ। ਤਜਰਬਾ ਕਰਕੇ ਦੇਖਣਾ ਹੋਵੇ ਤਾਂ ਕਦੇ ਕਿਸੇ 100 ਕਮਾਉਣ ਵਾਲੇ ਨੂੰ 1000 ਦੇ ਕੇ ਵੇਖ ਲਿਓ 90% ਉਸਦੀ ਦੁਰਵਰਤੋਂ ਕਰਨਗੇ।
ਮੈਂ ਇਹ ਤਾਂ ਨਹੀ ਕਹਿ ਸਕਦੇ ਕਿ ਬਹੁਤ ਮਿਹਨਤ ਕਰਨ ਨਾਲ ਕਿਸਮਤ ਬਦਲ ਜਾਂਦੀ ਹੈ ਪਰ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਕਰਮ ਜਰੂਰ ਬਦਲ ਜਾਂਦੇ ਨੇ ਬੰਦਾ ਮਾੜਾ ਕਰਦਾ ਨਹੀਂ ਤੇ ਸੋਚਦਾ ਵੀ ਨਹੀਂ। ਜੇ ਗਲਤ ਢੰਗ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਹੋਵੇਗੀ ਤਾਂ ਕਰਮ ਆਪਣੇ ਆਪ ਮਾੜੇ ਹੋ ਜਾਣਗੇ ਭਵਿੱਖ ਵੀ ਮਾੜਾ ਤੇ ਆਉਣ ਵਾਲਾ ਜਨਮ ਵੀ।
ਮਿਹਨਤ ਕਰਕੇ ਤੁਹਾਡੇ ਹੱਥ ਬਹੁਤ ਕੁਝ ਆ ਸਕਦਾ ਪਰ ਤਤਕਾਲ ਦੀ ਗਾਰੰਟੀ ਨਹੀਂ ਕਿਉਂਕਿ ਪਿਛਲੇ ਕਰਮਾਂ ਦਾ ਮਾੜਾ ਲੇਖਾ ਗੁਰਮੁਖਿ ਹੀ ਸਾਫ ਕਰਵਾ ਸਕਦੇ ਨੇ। ਸਾਰੀਆਂ ਗੱਲਾਂ ਦਾ ਮੈਂ ਤਾਂ ਇਹੀ ਨਿਚੋੜ ਕੱਢਦਾ ਹਾਂ ਕਿ ਮਿਹਨਤ, ਤੁਹਾਡੇ ਪਿਛਲੇ ਜਨਮ ਦੇ ਕਰਮ, ਤੁਹਾਡੀ ਭਾਵਨਾ, ਤੇ ਗੁਰੂ ਦੀ ਕਿਰਪਾ ਇਹਨਾਂ ਸਾਰਿਆਂ ਦੇ ਸੁਮੇਲ ਨਾਲ ਇੱਕ ਆਰਥਿਕ ਤੌਰ ਤੇ ਚੰਗਾ ਜੀਵਨ ਮਿਲਦਾ ਹੈ। ਜੇ ਧਾਰਮਿਕ ਪੱਖ ਵੱਲੋਂ ਚੱਲੀਏ ਤਾਂ ਇਕੱਲੇ ਸਬਰ ਵਿੱਚ ਸਭ ਕੁਝ ਆ ਜਾਂਦਾ, ਭਗਤ ਕਬੀਰ ਜੀ, ਬਾਬਾ ਫਰੀਦ ਜੀ, ਨਾਮਦੇਵ ਜੀ ਤੇ ਹੋਰ ਕਿੰਨੇ ਭਗਤ ਜਾਂ ਮਹਾਪੁਰਖ ਹੋਏ ਨੇ ਜੋ ਆਰਥਿਕ ਪੱਖੋ ਨਹੀਂ ਸਗੋਂ ਧਾਰਮਿਕ ਪੱਖੋ ਮਜਬੂਤ ਸਨ ਤੇ ਉਹਨਾਂ ਰੱਬ ਤੋਂ ਮਹਿਲ ਮੁਨਾਰੇ ਮੰਗੇ ਵੀ ਨਹੀਂ।
ਭੁੱਲਾਂ ਦੀ ਮੁਆਫ਼ੀ, ਧੰਨਵਾਦ ਸਹਿਤ
16/09/20
ਰਾਜਪਾਲ ਸਿੰਘ ਗਿੱਲ ਘੱਲ ਕਲਾਂ।