ਭਾਈ ਨਿਰਮਲ ਸਿੰਘ ਖਾਲਸਾ (12 ਅਪ੍ਰੈਲ 1952-02 ਅਪ੍ਰੈਲ 2020)
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਮਾਤਾ ਪਿਤਾ ਗਿਆਨੀ ਚੰਨਣ ਸਿੰਘ ਤੇ ਮਾਤਾ ਗੁਰਦੇਵ ਕੌਰ ਪਿੰਡ ਸਤਾਨਵੇ (97) ਚੱਕ, ਸਾਈਵਾਲ ਪਾਕਿਸਤਾਨ ਤੋਂ ਆਂਏ ਸੀ 1947 ਵਿੱਚ, ਉਹ ਪਿੰਡ ਜੰਡ ਵਾਲਾ, ਫਿਰੋਜ਼ਪੁਰ ਵਿੱਚ ਰਹਿਣ ਲੱਗੇ ਗਏ ਸੀ। ਉਹਨਾਂ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਜੰਡ ਵਾਲਾ ਭੀਮੇ ਸ਼ਾਹ, ਜਿਲਾ ਫਿਰੋਜ਼ਪੁਰ ਵਿੱਚ 12 ਅਪਰੈਲ, 1952 ਨੂੰ ਹੋਇਆ। ਭਾਈ ਨਿਰਮਲ ਸਿੰਘ ਪਰਿਵਾਰ ਦੇ ਪਲੇਠੇ ਪੁੱਤਰ ਸਨ। ਜੰਡਵਾਲਾ ਭੀਮੇਸ਼ਾਹ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਇਸਤੋਂ ਬਾਅਦ ਉਹਨਾਂ ਨੂੰ ਕਿਤੇ ਹੋਰ ਜਮੀਨ ਅਲਾਟ ਹੋਈ ਉਪਰੰਤ ਪਰਿਵਾਰ ਸਮੇਤ 1968 ਨੂੰ ਪਿੰਡ ਮੰਡਾਲਾ ਜ਼ਿਲ੍ਹਾ ਜਲੰਧਰ ਆ ਗਏ ਅਤੇ ਦਰਿਆ ਸਤਲੁਜ ਨਾਲ ਕਲੋਲਾਂ ਕਰਦਿਆਂ, ਇਨ੍ਹਾਂ ਨੇ ਜਵਾਨੀ ‘ਚ ਪ੍ਰਵੇਸ਼ ਕੀਤਾ। ਉਹ ਪੰਜਵੀ ਤੱਕ ਹੀ ਪੜ੍ਹੇ ਸੀ ਕਿਉਂਕਿ ਛੇਂਵੀ ਜਮਾਤ ਦੀ ਫੀਸ 20 ਰੁਪਏ ਸੀ ਜੋ ਕਿ ਮਾਂ-ਪਿਉ ਨਹੀ ਦੇ ਸਕੇ। ਬਚਪਨ ਵਿੱਚ ਖੇਤੀ ਬਾੜੀ ਦਾ ਕੰਮ ਕਰਦੇ ਰਹੇ। ਆਈ ਟੀ ਕਾਲੇਜ ਪ੍ਰਿੰਸੀਪਲ ਪ੍ਰੇਮ ਸਿੰਘ ਨੇ ਮਕੂਨਿਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੰਮ ਚੰਗਾ ਨਾ ਲੱਗਿਆ ਛੱਡ ਕੇ ਘਰ ਵਾਪਿਸ ਆ ਗਏ। ਪੰਜਾਬੀ ਦਰਬਾਰ ਲਾਹੌਰ ਦੇ ਰੇਡਿਓ ਸਟੇਸ਼ਨ ਤੋਂ ਭਾਈ ਲਾਲ ਜੀ ਦਾ ਕੀਰਤਨ ਸੁਣ ਕੇ ਬਹੁਤ ਪ੍ਰਭਾਵਿਤ ਹੋਏ।ਫੇਰ ਗਾਉਣ ਦਾ ਸ਼ੌਂਕ ਪੈ ਗਿਆ। ਪ੍ਰੋਫੈਸਰ ਅਵਤਾਰ ਸਿੰਘ ਨਾਜ ਉਸਤਾਦ ਬਣੇ।
ਕੁਝ ਸਮੇਂ ਬਾਅਦ ਹੀ ਗੁਰਮਤਿ ਸੰਗੀਤ ਦਾ ਸਿਖਿਆਰਥੀ, ਗੁਰਮਤਿ ਸੰਗੀਤ ਅਧਿਆਪਕ ਬਣ ਰਿਸ਼ੀਕੇਸ਼ ਵਿਖੇ ਕਾਰਜਸ਼ੀਲ ਹੋਇਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ (ਰਾਜਸਥਾਨ) ਵਿਖੇ ਵੀ ਇਨ੍ਹਾਂ ਨੇ ਦੋ ਸਾਲ ਗੁਰਮਤਿ ਸੰਗੀਤ ਦੀ ਤਾਲੀਮ ਵਿਦਿਆਰਥੀਆਂ ਨੂੰ ਦਿੱਤੀ।
ਸਾਲ 1979 ਦੇ ਵਿੱਚ ਭਾਈ ਨਿਰਮਲ ਸਿੰਘ ਜੀ ਦੀ ਰੀਝ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਅੰਦਰ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਰਾਗੀ ਨਾਲ ਸਹਾਇਕ ਰਾਗੀ ਵਜੋਂ ਨਿਯੁਕਤ ਹੋਣ ਤੇ ਪੂਰੀ ਹੋਈ। 1985 ਤੱਕ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾ ਕੇ ਇਨ੍ਹਾਂ ਨੇ 1986 ਵਿਚ ਆਪਣਾ ਰਾਗੀ ਜਥਾ ਬਣਾ ਲਿਆ।
1984 ਵਿਚ ਵਾਪਰੇ ਘੱਲੂਘਾਰੇ ਦੇ ਦੌਰਾਨ ਉਹ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਸੀ ਤਿੰਨ ਦਿਨ ਲਈ। ਬਹੁਤ ਲੰਮੇ ਸਮੇਂ ਤੋਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਅਤੇ ਭਾਈ ਕਰਤਾਰ ਸਿੰਘ ਤਬਲੇ ‘ਤੇ ਇਨ੍ਹਾਂ ਨਾਲ ਸੰਗਤ ਕਰਦੇ ਰਹੇ ਹਨ। ਭਾਈ ਨਿਰਮਲ ਸਿੰਘ ਦਾ ਮੰਨਣਾ ਹੈ ਕਿ ਗੁਰੂ ਰਾਮਦਾਸ ਦੇ ਦਰਬਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋ ਕੇ ਵਿਚਰਨਾ ਅਤੇ ਜੀਵਨ ਜਿਊਣਾ ਸਭ ਤੋਂ ਸਤਿਕਾਰਮਈ ਤੇ ਮਾਣਯੋਗ ਹੈ ਪਰ ਸੰਸਾਰ ਵਿਚ ਵਿਚਰਦਿਆਂ ਇਹ ਮਾਰਗ ਏਨਾ ਆਸਾਨ ਤੇ ਸੁਖਾਲਾ ਵੀ ਨਹੀਂ, ਸਗੋਂ ਬਹੁਤ ਮੁਸ਼ਕਿਲਾਂ ਭਰਪੂਰ ਵੀ ਹੈ। ਸੰਸਾਰ ਵਿੱਚ ਧਾਰਮਿਕ ਹੋ ਕੇ ਵਿਚਰਨਾ ਆਸਾਨ ਹੈ ਪਰ ਸੰਸਾਰਿਕ ਰੰਗ ਤਮਾਸ਼ਿਆਂ, ਸੁਖ-ਸਹੂਲਤਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਬਹੁਤ ਅਨੁਸ਼ਾਸਨ ਦੇ ਵਿੱਚ ਰਹਿਣਾ ਪੈਂਦਾ ਹੈ। ਇੱਕ ਛੋਟੀ ਜਿਹੀ ਭੁੱਲ ਵੀ ਵੱਡੀ ਗਲਤੀ ਸਾਬਤ ਹੋ ਸਕਦੀ ਹੈ
ਭਾਈ ਨਿਰਮਲ ਸਿੰਘ ਜੀ ਨੂੰ ਗੁਰਬਾਣੀ ਨਿਰਧਾਰਿਤ ਰਾਗਾਂ ‘ਚ ਗਾਉਣ ਦੀ ਪੂਰੀ ਮੁਹਾਰਤ ਸੀ। ਬੇਸ਼ੱਕ ਉਹ ਆਪ ਇਹ ਕਹਿੰਦੇ ਸੀ ਕਿ ਮੈਂ ਕੋਸ਼ਿਸ਼ ਕਰ ਲੈਨਾ ਸਤਿਗੁਰ ਜਾਣਦੇ ਨੇ ਕਿ ਕੋਸ਼ਿਸ਼ ਕਿੰਨੀ ਸਫਲ ਹੈ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ‘ਚ ਸ਼ਬਦ ਗਾਇਨ ਕਰਕੇ ਪੁਰਾਤਨ ਕੀਰਤਨ ਸ਼ੈਲੀ ਨੂੰ ਬਹਾਲ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਕੀਰਤਨ ਸੇਵਾ ਕਰਦਿਆਂ ਇਨ੍ਹਾਂ ਨੇ ਪੰਜਾਂ ਤਖਤਾਂ, ਦੇਸ਼-ਵਿਦੇਸ਼ ‘ਚ ਸਥਿਤ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ, ਕੀਰਤਨ ਦਰਬਾਰਾਂ ਤੇ ਪ੍ਰਸਿਧ ਸਟੇਜਾਂ ‘ਤੇ ਕੀਰਤਨ ਰਾਹੀਂ ਹਾਜ਼ਰੀ ਭਰ ਕੇ ਨਾਮਣਾ ਖੱਟਿਆ।
ਗੁਰਬਾਣੀ ਨੂੰ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜ਼ਾਂ ਨਾਲ ਗਾ ਕੇ ਇਹ ਰੂਹਾਨੀ ਅਨੁਭਵ ਮਹਿਸੂਸ ਕਰਦੇ ਸਨ। ਚਿਮਟਿਆਂ, ਛੈਣੇ ਅਤੇ ਢੋਲਕੀਆਂ ਵਾਲਾ ਕੀਰਤਨ ਧਾਰਨਾ ਗਾਉਣੀ ਊਹਨਾਂ ਨੂੰ ਬਿਲਕੁੱਲ ਪਸੰਦ ਨਹੀਂ ਸੀ ਅਤੇ ਉਹ ਇਹ ਅਕਸਰ ਕਹਿੰਦੇ ਸਨ ਕਿ ਜੋ ਸਾਜ ਵਰਤੇ ਜਾਂਦੇ ਨੇ ਇਹ ਪੱਛਮੀ ਸੱਭਿਅਤਾ ਦੇ ਨੇ ਅਤੇ ਕੀਰਤਨ ਲਈ ਢੁੱਕਵੇਂ ਸਾਜ ਤੰਤੀ ਸਾਜ ਹੀ ਹਨ। ਭਾਈ ਨਿਰਮਲ ਸਿੰਘ ਗੁਰਮਤਿ ਸੰਗੀਤ ਦੇ ਮੁਢਲੇ ਸਾਜ਼ ਰਬਾਬ, ਤਾਊਸ, ਦਿਲਰੁਬਾ, ਅਸਰਾਜ, ਵਚਿੱਤਰ-ਵੀਣਾ, ਸਰੋਦ, ਤਾਨਪੁਰਾ ਆਦਿ ਨੂੰ ਗੁਰਮਤਿ ਸੰਗੀਤ ਲਈ ਉਤਮ ਮੰਨਦੇ ਸਨ।
ਭਾਰਤ ਭਰ ਦੀਆਂ ਪ੍ਰਸਿਧ ਰਿਕਾਰਡਿੰਗ ਕੰਪਨੀਆਂ ਟੀ-ਸੀਰੀਜ਼, ਮਿਊਜ਼ਿਕ ਟੂਡੇ, ਟਿਪਸ, ਫਾਈਨਟੱਚ, ਮਿਊਜਕ ਮੈਮਰੀਜ਼ ਆਦਿ ਨੇ 50 ਤੋਂ ਵਧੇਰੇ ਰਿਕਾਰਡ, ਟੇਪਾਂ, ਸੀਡੀਜ਼, ਡੀ.ਵੀ.ਡੀ, ਵੀਡੀਉ ਆਦਿ ਰਾਹੀਂ ਭਾਈ ਨਿਰਮਲ ਸਿੰਘ ਦੀ ਕੀਰਤਨ ਸ਼ੈਲੀ ਨੂੰ ਸੰਭਾਲਣ ਦਾ ਯਤਨ ਕੀਤਾ।
ਉਹਨਾਂ ਨੇ ਵੱਖ-ਵੱਖ ਰਾਗਾਂ ਵਿੱਚ ਹਜ਼ਾਰਾਂ ਸ਼ਬਦਾਂ ਦਾ ਗਾਇਨ ਕੀਤਾ, ਉਹਨਾ ਨੇ ਗੁਰੂ ਅਰਜਨ ਦੇਮਸਾਹਿਬ ਜੀ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਜੀ ਨੂੰ ਵੀ ਗਉੜੀ ਰਾਗ ‘ਚ ਗਾਇਨ ਕੀਤਾ ਜਿਸ ਨੂੰ ਸੰਗਤਾਂ ਨੇ ਭਰਪੂਰ ਪਿਆਰ ਦਿੱਤਾ। ਹਜ਼ਾਰਾਂ ਗੁਰਮਤਿ ਸੰਗੀਤ ਤੇ ਸੂਫੀ ਗਾਇਕੀ ਦੇ ਪ੍ਰੇਮੀਆਂ ਦੀ ਰੀਝ ਨੂੰ ਪੂਰਾ ਕਰਨ ਵਾਸਤੇ ਉਹਨ੍ਹਾਂ ਨੇ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਸੂਫੀਆਨਾ ਅੰਦਾਜ਼ ਵਿੱਚ ਗਾਇਆ। ਭਾਈ ਸੁਰਜਨ ਸਿੰਘ ਜੀ ਵਲੋਂ ਗਾਇਨ ਕੀਤੀ ਗਈ ਆਸਾ ਜੀ ਦੀ ਵਾਰ ਤੋਂ ਬਾਅਦ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਗਾਇਨ ਕੀਤੀ ਆਸਾ ਦੀ ਵਾਰ ਨੂੰ ਗੁਰਬਾਣੀ ਸੁਣਨ ਵਾਲਿਆਂ ਗੁਰਸਿੱਖਾਂ ਨੇ ਏਨਾ ਪਸੰਦ ਕੀਤਾ ਹੈ ਕਿ ਹੁਣ ਤੱਕ ਉਹਨਾਂ ਦੀਆਂ 60 ਤੋਂ ਉੱਪਰ ਲੱਖ ਸੀ.ਡੀਜ਼ ਵਿਕ ਚੁੱਕੀਆਂ ਹਨ।
ਭਾਈ ਨਿਰਮਲ ਸਿੰਘ ਦੀ ਸ਼ਖਸੀਅਤ ਬਹੁਭਾਂਤੀ ਸੀ ਜਿਸ ਨੂੰ ਸਮਝਣਾ ਏਨਾ ਆਸਾਨ ਨਹੀਂ ਸੀ। ਉਹ ਇਕੋ ਹੀ ਸਮੇਂ ਸੰਸਾਰ ਪ੍ਰਸਿਧ ਗੁਰੂ-ਘਰ ਦੇ ਕੀਰਤਨੀਏ, ਗੁਰਮਤਿ ਸੰਗੀਤ ਅਚਾਰੀਆ, ਦੂਰ ਦ੍ਰਿਸ਼ਟੀ ਰੱਖਣ ਵਾਲੇ ਲੇਖਕ, ਦੁਨੀਆ ਦੇਖਣ-ਮਾਨਣ ਦੇ ਚਾਹਵਾਨ, ਯਾਰਾਂ ਦੇ ਯਾਰ ਸਨ। ਇਨ੍ਹਾਂ ਦੇ ਪ੍ਰਸੰਸਕਾਂ, ਚਾਹੁਣ ਵਾਲਿਆਂ, ਸੁਭਚਿੰਤਕਾਂ, ਦੋਸਤਾਂ, ਮਿੱਤਰਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਮੇਰੇ ਵਰਗੇ ਸੁਦਾਮਿਆਂ ਤੋਂ ਲੈ ਕੇ ਸਮਾਜਿਕ, ਧਾਰਮਿਕ, ਰਾਜਨੀਤਕ, ਪ੍ਰਸ਼ਾਸਨਿਕ ਉਚ ਪਦਵੀਆਂ ਤੇ ਅਹੁਦਿਆਂ ‘ਤੇ ਬਿਰਾਜਮਾਨ ਸ਼ਖਸੀਅਤਾਂ ਨਾਲ ਇਨ੍ਹਾਂ ਦੀਆਂ ਵਿਚਾਰਾਂ, ਖਾਣ-ਪੀਣ, ਚਲਣ-ਫਿਰਨ, ਘੁੰਮਣ ਦੀ ਸਾਂਝ ਬਹੁਤ ਪੁਰਾਣੀ ਸੀ। ਕੀਰਤਨ ਖੇਤਰ ‘ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਕਾਰਨ ਇਨ੍ਹਾਂ ਦੀ ਪਹੁੰਚ ਤੇ ਸੁਣਵਾਈ ਦੇਸ਼-ਵਿਦੇਸ਼ ‘ਚ ਉਚ ਅਧਿਕਾਰੀਆਂ ਤੇ ਪਦਵੀ ਤੱਕ ਸਹਿਜ ਸੁਭਾਅ ਸੀ।
ਵਿਸ਼ਵ ਪ੍ਰਸਿਧ ਗਜ਼ਲ ਗਾਇਕ ਗੁਲਾਮ ਅਲੀ ਖਾਂ ਸਾਹਿਬ ਨੂੰ ਭਾਈ ਨਿਰਮਲ ਸਿੰਘ ਨੇ ਉਸਤਾਦ ਧਾਰਨ ਕੀਤਾ ਹੋਇਆ ਸੀ। ਸੰਗੀਤਕ ਸਾਂਝ ਕਾਰਨ ਇਹ ਰਿਸ਼ਤਾ ਉਸਤਾਦ ਸ਼ਗਿਰਦ ਦਾ ਹੈ ਪਰ ਇਨ੍ਹਾਂ ‘ਚ ਗੂੜ੍ਹੀ ਮਿੱਤਰਤਾ ਵੀ ਸੀ।
ਭਾਈ ਨਿਰਮਲ ਸਿੰਘ ‘ਚ ਘੁੰਮਣ-ਫਿਰਨ, ਵੱਖ-ਵੱਖ ਧਰਮਾਂ, ਜਾਤਾਂ, ਸਭਿਆਚਾਰਾਂ ਦੇ ਲੋਕਾਂ ਨੂੰ ਮਿਲਣ ਦੀ ਪ੍ਰਬਲ ਰੀਝ ਸੀ ਜਿਸ ਸਦਕਾ ਇਨ੍ਹਾਂ ਨੂੰ ਭਾਰਤ ਭਰ ਦੇ ਭਰਮਣ ਤੋਂ ਇਲਾਵਾ ਦੁਨੀਆ ਦੇ 55 ਦੇਸ਼ਾਂ ‘ਚ ਵਾਰ-ਵਾਰ ਜਾਣ-ਆਉਣ ਦਾ ਮੌਕਾ ਪ੍ਰਾਪਤ ਹੋਇਆ। ਇਨ੍ਹਾਂ ਸਫਰਾਂ ਦੀ ਕਹਾਣੀ, ਇਨ੍ਹਾਂ ਦੇ ਵਿਸ਼ਾਲ ਡਰਾਇੰਗ ਰੂਮ ‘ਚ ਸਜਾਏ ਹੋਏ ਸਰਟੀਫਿਕੇਟਾਂ, ਸਨਮਾਨ-ਚਿੰਨ੍ਹਾਂ, ਤਸ਼ਤਰੀਆਂ, ਟੇਪਾਂ, ਸੀ. ਡੀ. ਆਦਿ ਤੋਂ ਪ੍ਰੱਤਖ ਪੜ੍ਹੀ ਜਾ ਸਕਦੀ ਹੈ।
ਭਾਰਤ ਦੇ ਸਤਿਕਾਰਤ ਸਨਮਾਨ ਪਦਮਸ੍ਰੀ ਦੀ ਪ੍ਰਾਪਤੀ ਕਰਕੇ ਵੀ ਸੰਸਾਰ ਦੇ ਇਕਲੌਤੇ ਗੁਰੂ-ਘਰ ਦੇ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਕਹਿਣਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਰਾਮਦਾਸ ਦੇ ਪਾਵਨ ਦਰਬਾਰ ਤੋਂ ਹੋਈਆਂ ਪ੍ਰਾਪਤੀਆਂ ਤੇ ਸੰਗਤਾਂ ਵਲੋਂ ਮਿਲੇ ਪਿਆਰ-ਅਸੀਸਾਂ ਦੇ ਸਨਮੁੱਖ ਸੰਸਾਰਿਕ ਸਨਮਾਨ ਤੁੱਛ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਜੋ ਕੁਝ ਵੀ ਹਾਂ, ਸਭ ਸ਼ਬਦ ਗੁਰੂ ਦੀ ਕਮਾਈ ਤੇ ਗੁਰਬਾਣੀ ਨੂੰ ਸਮਰਪਿਤ ਹੋਣ ਦੀ ਪ੍ਰਤੱਖ ਕਰਾਮਾਤ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਮੰਡ ਖੇਤਰ ਦੇ ਬੇਲਿਆਂ-ਬਰੇਤਿਆਂ ਤੇ ਦਲਦਲੀ ਛੰਬਾਂ ਤੋਂ ਭਾਰਤ ਦੇ ਰਾਸ਼ਟਰਪਤੀ ਭਵਨ, ਪ੍ਰਧਾਨ-ਮੰਤਰੀ ਨਿਵਾਸ, ਕੈਨੇਡਾ ਦੀ ਪਾਰਲੀਮੈਂਟ ਤੱਕ ਦਾ ਬਿਖਮ-ਬਿਖੜਾ ਤੇ ਲੰਮੇਰਾ ਸਫਰ, ਸ਼ਬਦ ਗੁਰੂ ਦੇ ਆਸਰੇ, ਸੁਰਤਾਲ ਦੀ ਮੁਹਾਰਤ ਸਦਕਾ ਸਹਿਜ-ਸੁਖਾਵਾਂ ਤੇ ਸੁਹਾਵਣਾ ਹੋ ਨਿਬੜਿਆ।
ਭਾਈ ਨਿਰਮਲ ਸਿੰਘ ਸੁਭਾਅ ਦਾ ਖੁੱਲ੍ਹਾ, ਬੇਬਾਕ, ਪਰ ਸਿੱਖੀ ਸਿਦਕ ਭਰੋਸਾ ਤੇ ਦਰਦ ਰੱਖਣ ਵਾਲਾ ਸੀ। ਇਟਲੀ ਦੇ ਏਅਰਪੋਰਟ ‘ਤੇ ਜੇਕਰ ਸਿੱਖਾਂ ਦੀ ਦਸਤਾਰ ਉਤਾਰ ਕੇ ਚੈੱਕ ਕਰਨ ਦੀ ਸ਼ਰਮਨਾਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਨ੍ਹਾਂ ਨੇ ਛੁਪਾਇਆ ਨਹੀਂ ਸਗੋਂ ਸਭ ਤੋਂ ਪਹਿਲੇ ਸਿੱਖੀ ਦੀ ਸ਼ਾਨ ਦਸਤਾਰ ਦੇ ਸਤਿਕਾਰ ਤੇ ਸਵੈਮਾਣ ਦੀ ਬਹਾਲੀ ਵਾਸਤੇ ਭਾਰਤ ਸਰਕਾਰ ਵਲੋਂ ਇਨ੍ਹਾਂ ਨੂੰ ਪ੍ਰਦਾਨ ਕੀਤੇ ਵਕਾਰੀ ਸਨਮਾਨ ਪਦਮਸ੍ਰੀ ਨੂੰ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ। ਇਨ੍ਹਾਂ ਦੀ ਪਹਿਲ ਸਦਕਾ ਹੀ ਇਹ ਮਸਲਾ ਦੇਸ਼ ਦੁਨੀਆ ਵਿਚ ਭਖਿਆ ਤੇ ਅੰਤ ਨੂੰ ਹੱਲ ਹੋ ਗਿਆ। ਗੁਰਬਾਣੀ ਗਾਇਨ ਤੋਂ ਇਲਾਵਾ ਭਾਈ ਨਿਰਮਲ ਸਿੰਘ ਨੂੰ ਲਿਖਣ ਕਲਾ ‘ਚ ਵੀ ਮੁਹਾਰਤ ਸੀ। ਵੱਖ-ਵੱਖ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਲਿਖਣ ਤੋਂ ਇਲਾਵਾ ਉਨ੍ਹਾਂ ਨੇ ਦੋ ਪੁਸਤਕਾਂ- ‘ਗੁਰਮਤਿ ਸੰਗੀਤ ਦੇ ਅਨਮੋਲ ਹੀਰੇ’ ਅਤੇ ‘ਪ੍ਰਸਿਧ ਕੀਰਤਨਕਾਰ ਬੀਬੀਆਂ’ ਵੀ ਲਿਖੀਆਂ।
ਕੋਰੋਨਾ ਦੀ ਬੀਮਾਰੀ ਦੇ ਕਾਰਣ 02 ਅਪ੍ਰੈਲ 2020 ਨੂੰ ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕਾਂਗਰਸ ਦੇ ਕਾਊਂਸਲਰ ਹਰਪਾਲ ਸਿੰਘ ਵੇਰਕਾ ਨੇ ਸ਼ਮਸ਼ਾਨ ਘਾਟ ਨੂੰ ਤਾਲਾ ਲਾ ਦਿੱਤਾ ਕਿ ਭਾਈ ਸਾਹਿਬ ਦਾ ਸੰਸਕਾਰ ਇੱਥੇ ਨਹੀਂ ਹੋ ਸਕਦਾ ਸੰਸਕਾਰ ਲਈ ਫੇਰ ਸ਼ੋਸ਼ਲ ਮੀਡੀਆ ਤੇ ਹਜ਼ਾਰਾਂ ਸਿੱਖਾਂ ਨੇ ਆਪਣੀਜਮੀਨ ਦੀ ਪੇਸ਼ਕਸ਼ ਕੀਤੀ ਕਿ ਬੇਸ਼ੱਕ ਉਸਤੇ ਬਾਅਦ ਵਿੱਚ ਯਾਦਗਾਰ ਵੀ ਬਣਾ ਦਿਉ ਪਰ ਹਰਪਾਲ ਸਿੰਘ ਨੇ ਪੀੜ੍ਹੀਆਂ ਦਾ ਕਲੰਕ ਖੱਟ ਲਿਆ। ਇਸੇ ਕਲੰਕੀ ਹਰਪਾਲ ਸਿੰਘ ਨੂੰ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕਰਕੇ ਦੁੱਧ ਧੋਤਾ ਕਰ ਦਿੱਤਾ।
ਰਾਜਪਾਲ ਸਿੰਘ ਘੱਲ ਕਲਾਂ