ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ• ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ–ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।
ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀਂ ਦੇ ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ ‘‘ਇੱਕ ਝਾੜ ਵਢਿਆ, ਸੌ ਸਿੱਧੂ ਕਢਿਆ‘‘।
ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ–ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘ੍ਰਕੇ ਹਨ। ਪੌੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ।
ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ।
ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗੇਦੀ ਸਰਾਂ ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ‘‘ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।