About GhalKalan !
ਮੇਰਾ ਪਿੰਡ ਮੇਰੀ ਸ਼ਾਨ –ਇਤਿਹਾਸਕ ਪਿੰਡ ਘੱਲ ਕਲਾਂ
ਮੋਗੇ ਤੋਂ 7 ਕਿਲੋਮੀਟਰ ਦੂਰ ਪੱਛਮ ਵਾਲੇ ਪਾਸੇ ਮੋਗਾ-ਫਿਰੋਜਪੁਰ ਰੋਡ ਤੇ ਵਸਿਆ ਹੈ ਮਾਲਵੇ ਦਾ ਮਸ਼ਹੂਰ ਪਿੰਡ ਘੱਲ ਕਲਾਂ। ਪਹਿਲਾਂ-ਪਹਿਲ ਇਹ ਪਿੰਡ ਫਿਰੋਜ਼ਪੁਰ ਜਿਲ਼੍ਹੇ ਤੇ ਫਿਰ ਫਰੀਦਕੋਟ ਜਿਲ੍ਹੇ ਹੁਣ ਮੋਗੇ ਜ਼ਿਲ੍ਹੇ ਵਿੱਚ ਵੱਡੇ ਘੱਲਾਂ ਨਾਲ ਮਸ਼ਹੂਰ ਹੈ। ਸਾਹਿਤਕਾਰਾਂ, ਖਿਡਾਰੀਆ ਅਤੇ ਸਮਾਜ ਸੇਵੀ ਸ਼ਖਸ਼ੀਅਤਾ ਦੀ ਇਹ ਧਰਤੀ ਹੋਰ ਕਈ ਖੇਤਰਾ ਵਿੱਚ ਵੀ ਖਾਸ ਵਜ਼ੂਦ ਰੱਖਦਾ ਹੈ।
ਪਿੰਡ ਮੁੱਢ ਤੋ ਹੀ ਦੰਦੂ ਅਤੇ ਮਹਿਰ ਪੱਤੀਆ ਵਿੱਚ ਵੰਡਿਆ ਹੋਇਆ ਹੈ। ਸ਼ੁਰੂ ਵਿੱਚ ਇਸ ਪਿੰਡ ਦੀ ਇੱਕ ਹੀ ਪੰਚਾਇਤ ਸੀ ਪਰ ਆਬਾਦੀ ਜ਼ਿਆਦਾ ਹੋਣ ਕਰਕੇ ਹੁਣ ਦੋਹਾ ਪੱਤੀਆ ਦੀ ਵੱਖਰੀ ਵੱਖਰੀ ਪੰਚਾਇਤ ਹੈ। ਸਮਝਿਆ ਜਾਂਦਾ ਹੈ ਕਿ ਦੰਦੂ ਅਤੇ ਮੈਹਰ ਦੋ ਭਰਾ ਸਨ ਜੋ ਕਿ ਬਾਬਾ ਵਰਿਆਮ ਦੇ ਪੁੱਤਰਾਂ ਚੋਂ ਜੱਸੋ ਪੁੱਤਰ ਦੀ ਔਲਾਦ ਸਨ।
ਗਿੱਲ ਗੋਤ ਦੇ ਵਸਨੀਕਾਂ ਦੇ ਇਸ ਪਿੰਡ ਨੂੰ ਬਿਕਰਮਾਦਿਤ ਰਾਜੇ ਦੀ ਵੰਸ਼ ਵਿਚੋ ਬਿਨੈਪਾਲ ਰਾਜੇ ਦੀ ਅਗਲੀ ਪੀੜੀ ਦੇ ਵਾਰਸਾਂ ਭਾਵ ਉਹਨਾਂ ਦੀ ਔਲਾਦ ਚੋ ਪੈਦਾ ਹੋਏ “ਗਿੱਲਪਾਲ” ਦੀ ਅਗਲੇਰੀ ਪੀੜੀ ਨੇ ਰਾਜੇਆਣੇ ਪਿੰਡ ਤੋਂ ਆਕੇ ਘੱਲ ਕਲਾਂ ਪਿੰਡ 1600 ਈ ਦੇ ਲੱਗਭੱਗ ਬੰਨ੍ਹਿਆਂ ਸੀ। ਜਦੋ ਰਾਜੇਆਣਾ ਤੋਂ ਆ ਕੇ ਦੰਦੂ ਤੇ ਮਹਿਰ ਦੇ ਖਾਨਦਾਨ ਨੇ ਇਸ ਧਰਤੀ ਤੇ ਪੈਰ ਰੱਖੇ ਤਾਂ ਉਹਨਾਂ ਨੂੰ ਸੰਘਿਆ ਨਾਲ ਲੜਾਈ ਵੀ ਲੜਨੀ ਪਈ ਕਿਉਕਿ ਸੰਘੇ ਇਸ ਜਗ੍ਹਾ ਤੇ ਡਰੋਲੀ ਤੋਂ ਆ ਕੇ ਆਪਣਾ ਹੱਕ ਜਮਾਈ ਬੈਠੇ ਸਨ। ਗਿੱਲ ਤੇ ਸੰਘਿਆ ਦੀ ਲੜਾਈ ਵਿੱਚ ਬਾਬਾ ਸੁੰਦਰ ਸਿੰਘ ਸਾਹਸੀ ਸਿੱਖ ਮਾਰਿਆ ਗਿਆ। ਇਸ ਸਮੇ ਰੰਗੜ ਗੋਤੀ ਗਿੱਲਾਂ ਦੇ ਨਾਲ ਸਨ। ਰੰਘੜਾ ਤੇ ਗਿੱਲਾਂ ਨੇ ਅਖੀਰ ਸੰਘਿਆਂ ਨੂੰ ਦਵੱਲ ਹੀ ਲਿਆ ਤੇ ਇਸ ਧਰਤੀ ਤੇ ਘੱਲੂ ਰੰਗੜ ਦੇ ਨਾਂ ਤੇ ਘੱਲ ਪਿੰਡ ਵਸਾਂ ਲਿਆ। ਜਿਥੇ ਬਾਬਾ ਸੁੰਦਰ ਸਿੰਘ ਮਾਰਿਆ ਗਿਆ ਸੀ ਉੱਥੇ ਮੱਟ ਨੁਮਾ ਯਾਦ ਬਣੀ ਹੋਈ ਹੈ। ਲੋਕ ਵਿਸ਼ਵਾਸ ਅਨੁਸਾਰ ਲੋਕ ਇਥੇ ਸੋਕੜੇ ਵਾਲੇ ਬੱਚਿਆ ਨੂੰ ਨੁਹਾ ਕੇ ਲਿਜਾਦੇ ਹਨ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੱਚੇ ਠੀਕ ਹੋ ਜਾਂਦੇ ਹਨ।
ਘੱਲ ਕਲਾਂ ਭਾਵੇਂ ਗਿੱਲ ਗੋਤੀਆ ਦਾ ਪਿੰਡ ਹੈ ਪਰ ਇੱਥੇ ਬਰਾੜ, ਸਿੱਧੂ, ਈਨੇ ਬਰਾੜ, ਸੰਧੂ, ਭੁੱਲਰ, ਬਾਠ ਆਦਿ ਗੋਤਾਂ ਦੇ ਨਾਲ-ਨਾਲ ਵਿਰਕ ਵੀ ਹਨ। ਵਿਰਕਾਂ ਨੇ ਇਥੇ ਕਾਫੀ ਤਰੱਕੀ ਕੀਤੀ ਹੈ। ਜੱਟਾ ਤੋ ਇਲਾਵਾ ਸਹਿਗਲ, ਪੰਡਤ, ਮਜ੍ਹਬੀ ਸਿੱਖ, ਬੌਰੀਏ ਸਿੱਖ, ਮਹਿਰੇ ਸਿੱਖ, ਰਾਮਗੜ੍ਹੀਆ, ਦਾਦੇ ਮਰਾਸੀ ਤੇ ਇੱਕ ਦੋ ਘਰ ਮੁਸਲਮਾਨ ਵੀ ਹਨ। ਜੋ ਸਭ ਰਲ ਮਿਲ ਕੇ ਰਹਿੰਦੇ ਹਨ। ਰਵਿਦਾਸਈਏ ਸਿੱਖ ਵੀ ਪਿੰਡ ਦੀ ਵੱਸੋ ਦਾ ਹਿੱਸਾ ਹਨ। ਇੱਥੇ ਰਾਮਗੜ੍ਹੀਆਂ ਬਰਾਦਰੀ ਨਾਲ ਸੰਬੰਧਤ ਪ੍ਰੀਵਾਰ ਆਪਣੇ ਕੰਮ ਵੱਡੀ ਪੱਧਰ ਤੇ ਕਰ ਰਹੇ ਹਨ।
ਪਿੰਡ ਦੇ ਪੱਛਮ ਵਾਲੇ ਪਾਸੇ ਦੰਦੂ ਪੱਤੀ ਵਿੱਚ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਸ਼ਸ਼ੋਬਿਤ ਹੈ। ਛੇਵੇਂ ਪਾਤਿਸ਼ਾਹ ਗੁਰੂ ਹਰ ਗੋਬਿੰਦ ਸਹਿਬ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ । ਡਰੋਲੀ ਭਾਈ ਤੋਂ ਸ਼ਿਕਾਰ ਖੇਡਦੇ ਖੇਡਦੇ ਛੇਵੇਂ ਪਾਤਸ਼ਾਹ ਸਾਉਣ ਦੇ ਮਹੀਨੇ ਪਿੰਡ ਦੇ ਬਾਹਰ ਵਾਰ ਜੰਡ ਦੇ ਦਰੱਖਤ ਥੱਲੇ ਪਾਤਸ਼ਾਹ ਆਰਾਮ ਕਰਨ ਲਈ ਠਹਿਰੇ ਸਨ। ਗੁਰੂੁ ਸਾਹਿਬ ਦੀ ਖਬਰ ਸੁਣ ਕੇ ਸੰਗਤਾ ਦੇ ਨਾਲ ਬਾਬਾ ਝਿਲਮਲ ਖੱਤਰੀ ਗੁਰੁੂ ਸਾਹਿਬ ਦੀ ਟਹਿਲ ਸੇਵਾ ਲਈ ਪਹੁੰਚੇ ਜਿਨ੍ਹਾਂ ਤੋ ਖੁਸ਼ ਹੋ ਕੇ ਗੁਰੁੂ ਜੀ ਨੇ ਇੱਕ ਤਿੱਲੇਦਾਰ ਜੁੱਤੀ ਤੇ ਚੋਲਾ ਸਾਹਿਬ ਬਾਬਾ ਜੀ ਨੂੰ ਦਿੱਤਾ। ਜਿਸ ਸਮੇਂ ਗੁਰੂੁ ਜੀ ਕੇਸਾ ਨੂੰ ਕੰਘਾ ਕਰ ਰਹੇ ਸਨ ਤਾ ਬਾਬਾ ਖੁਸ਼ਾਲੀ ਨੰਬਰਦਾਰ ਵੀ ਆ ਗਿਆ ਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਫਿਰ ਕਦੋਂ ਦਰਸ਼ਨ ਦਿਉਗੇ। ਇਸ ਤੇ ਗੁਰੁ ਜੀ ਨੇ ਕੰਘੇ ਵਿਚੋ ਕੇਸ ਕੱਢ ਕੇ ਬਾਬਾ ਖਸ਼ਾਲੀ ਨੂੰ ਫੜਾਏ ਤੇ ਆਖਿਆ ਜਦੋ ਵੀ ਤੁਹਾਨੂੰ ਦਰਸਨਾ ਦੀ ਤਾਂਘ ਹੋਵੇ ਤਾ ਕੇਸਾ ਦੇ ਦੀਦਾਰ ਕਰ ਲੈਣੇ ਸਾਡੇ ਦਰਸ਼ਨ ਆਪ ਹੀ ਹੋ ਜਾਣਗੇ। ਪਰ ਘੱਲਾਂ ਵਾਲਿਆ ਦੀ ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਇਹ ਤਿੰਨੋ ਨਿਸ਼ਾਨੀਆਂ ਹੀ ਸੰਭਾਲ ਨਾ ਸਕੇ। ਇਸ ਜਗ੍ਹਾ ਤੇ ਸੰਗਤਾਂ ਦੀ ਬੇਨਤੀ ਤੇ ਸੱਤਵੇ ਪਾਤਸ਼ਾਹ ਹੁਰੂ ਹਰਿ ਰਾਇ ਸਾਹਿਬ ਜੀ ਵੀ ਬੇਨਤੀ ਨੂੰ ਮੰਨਦੇ ਹੋਏ ਇਸੇ ਜਗ੍ਹਾਂ ਤੇ ਡਗਰੂ ਪਿੰਡ ਤੋ ਆ ਕੇ ਚਰਨ ਪਾ ਕੇ ਗਏ ਸਨ।
ਹੁਣ ਗੁਰਦੁਆਰਾ ਗੁਰੂਸਰ ਸਾਹਿਬ ਦੀ ਸੁੰਦਰ ਇਮਾਰਤ ਦਾ ਨਿਰਮਾਣ ਹੋ ਰਿਹਾ ਹੈ। ਪੁਰਾਣੀ ਇਮਾਰਤ ਲੱਗਭੱਗ 1925 ਦੀ ਬਣੀ ਹੋਈ ਸੀ, ਗੁਰਦੁਆਰਾ ਸਾਹਿਬ ਦੀ ਪਹਿਲੀ ਪ੍ਰਬੰਧਕ ਕਮੇਟੀ ਵੀ 1925 ਵਿੱਚ ਹੀ ਬਣੀ ਸੀ ਸ਼ਾਇਦ ਇਮਾਰਤ ਬਣਾਉਣ ਲਈ ਹੀ ਕੁਝ ਜਿੰਮੇਵਾਰ ਮੈਂਬਰਾਂ ਜਾਂ ਪ੍ਰਬੰਧਕਾਂ ਦੀ ਚੋਣ ਕੀਤੀ ਗਈ ਹੋਵੇ। ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਡੀ 1937 ਦੀ ਬਣੀ ਹੋਈ ਹੈ। ਗੁਰਦੁਆਰਾ ਕਮੇਟੀ ਪਿੰਡ ਵੱਲੋਂ ਹਰ ਤਿੰਨ ਸਾਲ ਬਾਅਦ ਚੁਣੀ ਜਾਂਦੀ ਹੈ। ਸ੍ਰ. ਜਗਸੀਰ ਸਿੰਘ ਗਿੱਲ ਬਾਜੇਕਾ ਅੱਜ ਕੱਲ੍ਹ ਇਸ ਕਮੇਟੀ ਦੇ ਮੌਜ਼ੂਦਾ ਪ੍ਰਧਾਨ ਹਨ। ਇਸ ਗੁਰਦੁਆਰਾ ਸਾਹਿਬ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਅਗਰ ਕਿਸੇ ਨੇ ਬਹੁਤ ਲੰਮਾ ਸਮਾਂ ਨਿਭਾਈ ਹੈ ਤਾਂ ਉਹ ਨੇ ਭਾਈ ਸਾਹਿਬ ਭਾਈ ਨਰੈਣ ਸਿੰਘ ਜੀ ਕੀਰਤਨੀਏ ਜੋ ਢਾਹਡੇ ਫਕੀਰ ਬਿਰਤੀ ਦੇ ਮਾਲਿਕ ਸੀ। ਉਸ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਦੌਧਰ ਵਾਲਿਆਂ ਨੇ ਵੀ ਲੰਮਾ ਸਮਾਂ ਸੇਵਾ ਕੀਤੀ ਜੋ ਬਹੁਤ ਚੰਗੇ ਕਥਾਕਾਰ ਸੀ। ਨਰੈਣ ਸਿੰਘ ਤੇ ਕਰਤਾਰ ਸਿੰਘ ਦੀ ਖਾਸੀਅਤ ਇਹ ਰਹੀ ਕਿ ਉਹਨਾਂ ਬੱਚਿਆਂ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਬਹੁਤ ਜੋੜਿਆ। ਮੌਜੂਦਾ ਮੁੱਖ ਗ੍ਰੰਥੀ ਭਾਈ ਸ਼ਿੰਦਰ ਸਿੰਘ ਰੋਡੇ ਅਤੇ ਹਜ਼ੂਰੀ ਗ੍ਰੰਥੀ ਭਾਈ ਮੇਜਰ ਸਿੰਘ ਬਿੱਟੂ ਨਿਭਾ ਰਹੇ ਹਨ। ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਵ: ਬਾਬਾ ਬਸੰਤ ਸਿੰਘ ਨੇ ਬਹੁਤ ਲੰਮਾਂ ਸਮਾਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਈ ਹੈ ਉਹਨਾਂ ਦਾ ਪਿਛੋਕੜ ਸਮਾਲਸਰ ਦਾ ਸੀ ਉਹਨਾਂ ਦੇ ਭਰਾ ਦਾ ਨਾਮ ਰੂਪ ਸਿੰਘ ਸੀ ਇਹਨਾ ਦੇ ਸ਼ਰੀਕੇ ਨੇ ਇਹਨਾਂ ਦੀ ਜਮੀਨ ਦੱਬ ਲਈ ਸੀ ਇਸ ਕਰਕੇ ਇਹਨਾਂ ਦੋਹਾਂ ਭਰਾਵਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਸੇਵਾ ਲੇਖੇ ਲਾਈ। ਘੱਲ ਕਲਾਂ ਦਾ ਦਸਵੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦਾ ਨਗਰ ਕੀਰਤਨ ਦੇਖਣ ਯੋਗ ਤੇ ਆਪਣੀ ਮਿਸਾਲ ਆਪ ਹੈ ਜੋ ਪੂਰੇ ਪੰਜਾਬ ਦਾ ਮਸ਼ਹੂਰ ਨਗਰ ਕੀਰਤਨ ਹੈ। ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵੀ ਗੁਰੂੁ ਘਰ ਦੀ ਅਹਿਮ ਭੂਮਿਕਾ ਹੈ।
ਪਿੰਡ ਵਿੱਚ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਗੁਰੂਦੁਆਰਾ ਸਾਹਿਬ ਵੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾਂ ਹੈ। ਭਾਈ ਸੁਰਜੀਤ ਸਿੰਘ ਜੀ ਇਸ ਪਿੰਡ ਦੇ ਰਸਭਿੰਨੇ ਕੀਰਤਨੀਏ ਹਨ। ਡੇਰਾ ਬਾਬਾ ਚਤਰ ਸਿੰਘ, ਡੇਰਾ ਬਾਬਾ ਹਜਾਰਾ ਸਿੰਘ, ਸ਼ਿਵ ਦੁਆਲਾ, ਦੇਵੀ ਮਾਤਾ ਦਾ ਮੰਦਰ ਵੀ ਪਿੰਡ ਦੇ ਹੋਰ ਧਾਰਮਿਕ ਅਸਥਾਨ ਹਨ।
ਭੂਗੋਲਿਕ ਪੱਖੋ ਘੱਲ ਕਲਾਂ ਪਿੰਡ ਕਈ ਪਿੰਡਾ ਨਾਲ ਜੁੜਿਆ ਹੋਇਆ ਹੈ। ਡਗਰੂ, ਸਲੀਣਾ, ਰੱਤੀਆ, ਦੁੱਨੇ ਕੇ, ਮੋਗਾ, ਡਰੋਲੀ ਭਾਈ , ਬੁੱਕਣਵਾਲਾ, ਮੋਠਾਵਾਲੀ ਤੇ ਸਾਫੂਵਾਲਾ ਪਿੰਡਾ ਨਾਲ ਇਸ ਪਿੰਡ ਦੇ ਹੱਦਾ ਬੰਨੇ ਲਗਦੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਪਰ ਇੱਥੋ ਦੇ ਜਿਆਦਾ ਵਸਨੀਕ ਵਿਦੇਸ਼ਾ ਵਿੱਚ ਸੈੱਟ ਹਨ। ਉਂਝ ਵੀ ਸ਼ਹਿਰ ਦੇ ਨੇੜੇ ਹੋਣ ਕਰਕੇ ਲੋਕ ਰੋਜੀ ਰੋਟੀ ਲਈ ਮੋਗੇ ਵੀ ਜਾਂਦੇ ਹਨ। ਪਿੰਡ ਦੀ ਸਰ ਜਮੀਨ ਤੇ ਲਾਲਾ ਲਾਜਪਤ ਰਾਏ ਕਾਲਜ਼, ਸੁਖਦੇਵਾ ਕ੍ਰਿਸ਼ਨਾ ਕਾਲਜ਼, ਵਾਈ. ਆਰ. ਐਸ. ਪੌਲੀਟੈਕਨਕਿ ਕਾਲਜ ਤੇ ਇਡੋ ਸੋਵੀਅਤ ਫਾਰਮੇਸੀ ਕਾਲਿਜ ਵੀ ਬਣੇ ਹਨ ਜੋ ਪਿੰਡ ਵਾਸੀਆ ਨੂੰ ਪੜਾਈ ਦੇ ਨਾਲ ਨਾਲ ਰੋਜੀ ਰੋਟੀ ਦਾ ਵਸੀਲਾ ਵੀ ਹਨ। ਇਸ ਪਿੰਡ ਦੇ ਮਜ਼ਦੂਰ ਭਰਾਵਾ ਨੇ ਵੀ ਬੇਮਿਸਾਲੀ ਤਰੱਕੀ ਕੀਤੀ ਹੈ ਸਿੱਖਿਆ, ਪੁਲਿਸ ਤੇ ਐਫ.ਸੀ.ਆਈ ਤੋ ਇਲਾਵਾ ਹੋਰ ਕਈ ਖੇਤਰਾਂ ਵਿੱਚ ਵੀ ਮੱਲਾ ਮਾਰੀਆ ਹਨ।
ਕਵਿਤਾ ਤੇ ਕਬੱਡੀ ਘੱਲ ਕਲਾਂ ਦੀ ਮਿੱਟੀ ਵਿੱਚ ਸਮਾਈ ਹੋਈ ਹੈ ਖੇਡਾ ਦੇ ਖੇਤਰ ਵਿੱਚ ਅੱਸੀ–ਨੱਬੇ ਦੇ ਦਹਾਕੇ ਵਿੱਚ ਇਸ ਪਿੰਡ ਨੇ ਪੂਰੀ ਚੜ੍ਹਤ ਬਣਾਈ ਹੋਈ ਸੀ। ਸਕੂਲ ਪੱਧਰ ਦੀ ਖੋ-ਖੋ ਸਟੇਟ ਪੱਧਰ ਤੱਕ ਮਸ਼ਹੂਰ ਸੀ। ਬਿੰਦਰ, ਬਲਤੇਜ਼ ਤੇ ਕੁਲਜੀਤ ਕਬੱਡੀ ਦੇ ਨਾਮਵਰ ਖਿਡਾਰੀ ਹੋਏ ਹਨ ਜਿਨ੍ਹਾਂ ਨੇ ਪੂਰੇ ਪੰਜਾਬ ਵਿੱਚ ਹੀ ਨਹੀ ਵਿਦੇਸ਼ਾ ਵਿੱਚ ਵੀ ਧੁੰਮਾ ਪਾਈਆ ਸਨ। ਕਈ ਖਿਡਾਰੀ ਕਬੱਡੀ ਦੇ ਖੇਤਰ ਵਿੱਚ ਤਰੱਕੀ ਕਰਕੇ ਵਿਦੇਸ਼ਾ ਵਿੱਚ ਸੈੱਟ ਹੋਏ। ਇਸ ਪਿੰਡ ਵਿੱਚ ਪਹਲਿਾ ਕਬੱਡੀ ਟੂਰਨਾਂਮੈਂਟ 1935 ਵਿੱਚ ਸ੍ਰ. ਕਰਤਾਰ ਸਿੰਘ ਮਾਖੇਕਾ ਨੇ ਕਰਵਾਇਆ ਸੀ ਜੋ ਹੁਣ ਵੀ ਹਰ ਸਾਲ ਲਗਾਤਾਰ ਹੁੰਦਾ ਆ ਰਿਹਾ ਹੈ। ਸ਼ੂਗਰ ਮਿੱਲਾਂ ਨੇ ਵੀ ਇਸ ਪਿੰਡ ਵਿੱਚੋਂ ਕਈ ਖਿਡਾਰੀ ਚੁਣੇ ਸਨ। ਭੁਪਿੰਦਰ ਸਿੰਘ ਮਿੱਠੂ ਸ਼ਾਟ ਪੁੱਟ ਵਿੱਚ ਬਿਜਲੀ ਬੋਰਡ ਦਾ ਚੈਪੀਅਨ ਤੇ ਸਵ. ਅਮਰਜੀਤ ਸਿੰਘ ਡਿਸਕਸ ਥਰੋ ਵਿੱਚ ਬੀ.ਐਸ.ਐਫ ਦਾ ਨਾਮਵਰ ਅਥਲੀਟ ਸੀ। ਰਵਾਇਤੀ ਖੇਡਾ ਵਿੱਚ ਮੁਖਤਿਆਰ ਸਿੰਘ ਭਲਵਾਨ, ਟਹਿਲ ਸਿੰਘ, ਗੁਰਮੇਲ ਗੇਲਾ ਬੋਰੀ ਚੱਕਣ ਵਿੱਚ ਮਸਹੂਰ ਸਨ। ਸਵ: ਰਣਜੀਤ ਸਿੰਘ ਭੋਲਾ ਬਰਾੜ ਈਨਾ ਪ੍ਰਸਿੱਧ ਵੇਟ ਲਿਫਟਰ ਏਸੇ ਪਿੰਡ ਦਾ ਮਾਣ ਸੀ।
ਮਹਾਨ ਕਵੀ ਤੇ ਵਿਦਵਾਨ ਪੂਰਨ ਨੰਦ ਜੀ ਮੌਕੇ ਉੱਪਰ ਛੰਦ ਜੋੜ ਕੇ ਆਪਣਾ ਲੋਹਾ ਮੰਨਵਾਉਣ ਵਾਲੇ ਨਿਧੱੜਕ ਤੇ ਬੇਬਾਕ ਸ਼ਾਇਰ ਸਨ ਅਠੋਤਰੀ ਮਾਲਾ ਤੇ ਮੁਕਤੀ ਬਿਲਾਸ ਉਹਨਾਂ ਦੀ ਮਹਾਨ ਰਚਨਾ ਹੈ। ਕਵੀਸ਼ਰੀ ਨੂੰ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਤੇ ਹਜ਼ਾਰਾ ਪ੍ਰਚਾਰਕ ਤੇ ਸ਼ਹਿਗਰਦ ਪੈਦਾ ਕਰਨ ਵਾਲੇ ਪੰਡਿਤ ਬੀਰਬਲ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਇਸੇ ਪਿੰਡ ਦੇ ਜੰਮਪਲ ਸਨ। ਹੁਣ ਇਸ ਪ੍ਰੰਪਰਾ ਨੂੰ ਜਾਗੋ ਲਹਿਰ ਵਾਲਿਆਂ ਦਾ ਜੱਥਾ ਅੱਗੇ ਲੈ ਕੇ ਜਾ ਰਿਹਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰ ਰਿਹਾ। ਵਿਅੰਗ ਦੇ ਖੇਤਰ ਵਿੱਚ ਡਾ. ਧਰਮ ਸਿੰਘ ਗਿੱਲ ਜੋ ਕਿ ਗੌਰਮਿੰਟ ਕਾਲਜ਼ ਲੁਧਿਆਣਾ ਵਿਚ ਅੰਗਰੇਜੀ ਦੇ ਪ੍ਰੋਫਸਰ ਸਨ ਵੀ ਇਸੇ ਪਿੰਡ ਦੇ ਮਾਖੇ ਕੇ ਘਰਾਂ ਦੇ ਮਾਣ ਹਨ ਜਿਨ੍ਹਾਂ ਨੇ ਵਿਅੰਗ ਦੇ ਖੇਤਰ ਵਿਚ ਤਿੰਨ ਕਿਤਾਬਾ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆ ਹਨ। ਨਵੀ ਪੀੜ੍ਹੀ ਵਿਚੋ ਪੱਤਰਕਾਰ ਸਵ: ਡਾ. ਬਲਰਾਜ ਸਿੰਘ, ਬਾਲ ਸਾਹਿਤ ਲੇਖਕਾ ਰਮਨਦੀਪ ਕੌਰ, ਗੀਤਕਾਰ ਚਮਕੌਰ ਸਿੰਘ ਗਿੱਲ, ਸਤਵੰਤ ਸਿੰਘ ਮਾਖੇਕਾ, ਨਿਰੰਜਨ ਸਿੰਘ ਨੰਜਾ, ਮਾਸਟਰ ਸੁਖਦੇਵ ਸਿੰਘ ਬੱਬੀ ਗਿੱਲ, ਮਾਸਟਰ ਨਿਰਮਲ ਸਿੰਘ, ਰਾਜਪਾਲ ਸਿੰਘ ਘੱਲ ਕਲਾਂ ਵੀ ਵੱਖ-ਵੱਖ ਅਖਬਾਰਾ-ਰਸਾਲਿਆ ਰਾਹੀ ਸਾਹਿਤ ਸਿਰਜਣਾ ਕਰਦੇ ਹਨ।
ਇਸ ਪਿੰਡ ਨੇ ਅਜ਼ਾਦੀ ਸੰਗਰਾਮ ਵਿੱਚ ਜਿਕਰਯੋਗ ਹਿੱਸਾ ਪਾਇਆ ਹੈ ਪਰ ਬਦਕਿਸਮਤੀ ਨਾਲ ਇਥੋ ਦੇ ਵਸਨੀਕ ਸਰਕਾਰ ਦੀ ਨਿਗ੍ਹਾ ਵਿੱਚ ਜਿਆਦਾ ਪ੍ਰਸਿੱਧ ਨਹੀ ਹੋਏ। ਸ੍ਰ. ਹਰਨਾਮ ਸਿੰਘ ਗਿੱਲ ਸਾਫੂਕਾ ਇਸ ਪਿੰਡ ਵਿੱਚੋਂ ਮਾਲਵੇ ਦੇ ਪਹਿਲੇ ਵਕੀਲ ਹੋਏ ਜਿੰਨ੍ਹਾ ਦਾ ਖਾਲਸਾ ਸਕੂਲ ਮੋਗਾ ਦੀ ਉਸਾਰੀ ਵਿੱਚ ਵੀ ਯੋਗਦਾਨ ਸੀ। ਬਾਬਾ ਸੁੰਦਰ ਸਿੰਘ ਘਾਲੀ ਵਿਰਕ, ਕਾਮਰੇਡ ਸੁਰੈਣ ਸਿੰਘ, ਮਹਾਨ ਗਦਰੀ ਬਾਬੇ ਹੋਏ ਹਨ। ਜੋਗਿੰਦਰ ਸਿੰਘ ਘਾਲੀ, ਰੁਸਤਮ ਸਿੰਘ ਬਾਜੇਕਾ, ਫੰਙਣ ਸਿੰਘ ਸੋਭੂਕਾ, ਹਰੀ ਸਿੰਘ ਮਾਖੇਕਾ, ਮੋਹਨ ਸਿੰਘ ਆਸਟ੍ਰੇਲੀਅਨ, ਗਿਆਨੀ ਅਨੋਖ ਸਿੰਘ ਨਿਧੜਕ ਅਜਾਦੀ ਦੀ ਲੜਾਈ ਵਿੱਚ ਮੋਹਰੀ ਸਫਾ ਵਿੱਚ ਸ਼ਾਮਲ ਸਨ। ਗੁਰੂੁ ਕੇ ਬਾਗ ਤੇ ਜੈਤੋ ਦੇ ਮੋਰਚੇ ਵਿੱਚ ਨਰੈਣ ਸਿੰਘ ਗਰੰਥੀ, ਅਰਜਨ ਸਿੰਘ ਸੱਗੂ, ਫੰਮਣ ਸਿੰਘ, ਲਾਭ ਸਿੰਘ ਚਾਨਾ, ਤਾਰਾ ਸਿੰਘ ਜਰਗਰ, ਮੇਵਾ ਸਿੰਘ ਸੱਗੂ, ਭਗਵਾਨ ਸਿੰਘ, ਕੇਹਰ ਸਿੰਘ ਭੂਲੇ ਕਾ ਆਪਣਾ ਯੋਗਦਾਨ ਪਾ ਚੁੱਕੇ ਹਨ। ਸਵ: ਬਾਬਾ ਨਾਜਰ ਸਿੰਘ ਸਪੁੱਤਰ ਅਰਜਨ ਸਿੰਘ ਭੂਲੇ ਕਾ, ਸਰਬਨ ਸਿੰਘ ਸਪੁੱਤਰ ਭੰਗਾ ਸਿੰਘ ਖੱਤਾ ਗਦਾਈ, ਸੁਦਾਗਰ ਸਿੰਘ ਸਪੁੱਤਰ ਘਮੰਡਾ ਸਿੰਘ, ਅਮੀਰ ਸਿੰਘ ਸਰਪੰਚ, ਸੱਜਣ ਸਿੰਘ ਸੈਣੀ ਪੁੱਤਰ ਭਾਨ ਸਿੰਘ, ਅਜਾਦ ਹਿੰਦ ਫੌਜ ਦੇ ਸਿਪਾਹੀ ਤੇ ਦੀਦਾਰ ਸਿੰਘ ਭੂਲੇ ਕਾ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰ ਸਨ।
ਸਮਾਜ ਸੇਵਾ ਦੇ ਖੇਤਰ ਵਿੱਚ ਘੱਲ ਕਲਾਂ ਬਲੱਡ ਡੋਨਰਜ ਕਲੱਬ ਜਿਸ ਦੇ ਸਰਪ੍ਰਸਤ ਲੱਕੀ ਸ਼ਰਮਾ ਹਨ ਅਤੇ ਅਨਮੋਲ ਬਲੱਡ ਡੋਨਰਜ਼ ਕਲੱਬ ਖੂਨਦਾਨ ਦੇ ਨਾਲ ਨਾਲ ਗਰੀਬ ਲੜਕੀਆ ਦੀਆ ਸ਼ਾਦੀਆਂ ਕਰਕੇ ਤੇ ਹੋਰ ਸੇਵਾਵਾਂ ਦੇ ਕੇ ਸਮਾਜ ਸੇਵਾ ਕਰਦੇ ਰਹੇ ਹਨ। ਦਵਿੰਦਰਜੀਤ ਸਿੰਘ ਗਿੱਲ ਵੀ ਸਮਾਜ ਸੇਵੀ ਸ਼ਖਸ਼ੀਅਤ ਹਨ। ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦੇ ਨੌਜਵਾਨ ਨਿਰਮਲ ਸਿੰਘ ਗੁਰਬਿੰਦਰ ਸਿੰਘ ਗਿੱਲ, ਚਮਕੌਰ ਸਿੰਘ ਵਿਰਕ, ਡਾ. ਜਗਤਾਰ ਸਿੰਘ ਗਿੱਲ, ਜਸਪਾਲ ਸਿੰਘ ਪਾਲਾ ਸਿੱਧੂ, ਗੁਰਤੇਜ ਸਿੰਘ ਗੇਜੀ ਪਿੰਡ ਦੀ ਸਫਾਈ ਤੇ ਹੋਰ ਧਾਰਮਿਕ ਕੰਮਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਜਾਗੋ ਲਹਿਰ ਦੇ ਵੀਰ ਬੱਚਿਆ ਨੂੰ ਚੰਗੀ ਸੇਧ ਤੇ ਸਿੱਖਿਆ ਦੇ ਨਾਲ ਨਾਲ ਦਸਤਾਰ ਸੈਂਟਰ ਰਾਹੀ ਸਿੱਖ ਵਿਰਸੇ ਨਾਲ ਬੱਚਿਆ ਨੂੰ ਜੋੜ ਰਹੇ ਹਨ। ਭਾਈ ਪ੍ਰਦੀਪ ਸਿੰਘ, ਰਾਜਪਾਲ ਸਿੰਘ ਘੱਲ ਕਲਾਂ, ਚੰਗੇ ਖਿਆਲਾ ਵਾਲੇ ਨੌਜਵਾਨ ਹਨ।
ਅੰਗਰੇਜਾ ਦੇ ਰਾਜ ਤੋ ਹੀ ਪਿੰਡ ਦੇ ਪਤਵੰਤੇ ਪੜ੍ਹੇ ਲਿਖੇ ਤੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਹੋਏ ਹਨ। ਸਰਦਾਰਾ ਸਿੰਘ ਗਿੱਲ, ਅਮਰ ਸਿੰਘ ਗਿੱਲ ਐਡਵੋਕੇਟ, ਗੁਰਨਾਮ ਸਿੰਘ ਭਾਈਕਾ, ਸੋਹਣ ਸਿੰਘ, ਪ੍ਰਤਾਪ ਸਿੰਘ ਥਾਣੇਦਾਰ ਆਪਣੇ ਸਮੇ ਦੇ ਚੰਗੇ ਅਫਸਰ ਤੇ ਪਹੁੰਚ ਵਾਲੇ ਸੱਜਣ ਸਨ। ਸ੍ਰ. ਮੱਸਾ ਸਿੰਘ ਅਮਰੀਕਨ ਤੇ ਹਰੀ ਸਿੰਘ ਅਮਰੀਕਨ ਅਮਰੀਕਾ ਵਿੱਚ ਵਸੇ ਅਜਾਦੀ ਦੇ ਪ੍ਰਵਾਨਿਆ ਚੋ ਇੱਕ ਸਨ ਜਿਨ੍ਹਾਂ ਨੇ ਅਮਰੀਕਨ ਸ਼ਹੀਦੀ ਅਕਾਲੀ ਜੱਥਾ ਕਾਇਮ ਕੀਤਾ ਸੀ ਤਾਂ ਜੋ ਅਜਾਦੀ ਲਈ ਕੰਮ ਵਧੇਰੇ ਕੀਤਾ ਜਾ ਸਕੇ। ਮੱਸਾ ਸਿੰਘ ਅਮਰ ਸਿੰਘ ਵਕੀਲ ਦੇ ਪਿਤਾ ਜੀ ਸਨ। ਕਰਨਲ ਮਲਕੀਤ ਸਿੰਘ ਫੌਜ ਵਿੱਚ ਪਿੰਡ ਦਾ ਨਾਮ ਰੌਸ਼ਨ ਕਰ ਚੱਕੇ ਹਨ। ਸਵ. ਦਵਿੰਦਰ ਸਿੰਘ ਘਾਲੀ ਕਿਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਰਗਰਮ ਵਰਕਰ ਸਨ ਜੋ ਕਿਸਾਨਾ ਮਜਦੂਰਾ ਦੀਆ ਸਮੱਸਿਆਵਾ ਹੱਲ ਕਰਵਾਉਣ ਲਈ ਹਮੇਸ਼ਾ ਮੋਹਰੀ ਭੂਮਿਕ ਨਿਭਾਉਦੇ ਸਨ। ਗੁਲਜਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਸਿਰਕੱਢ ਆਗੂ ਹਨ। ਸਾਬਕਾ ਚੇਅਰਮੈਨ ਤਰਸੇਮ ਸਿੰਘ ਰੱਤੀਆ ਵੀ ਇਸੇ ਪਿੰਡ ਦੇ ਜੰਮਪਲ ਹਨ।
ਪਿੰਡ ਘੱਲ ਕਲਾਂ ਨੂੰ ਦਾਨੀ ਸੱਜਣਾ ਤੇ ਵੀ ਮਾਣ ਹੈ। ਬਾਬਾ ਰਣਜੀਤ ਸਿੰਘ ਜਲਾਲੂ ਕਾ ਇੰਡੋਨੇਸ਼ੀਆ ਵਾਲੇ ਤੇ ਮਾਤਾ ਗੁਰਦੇਵ ਕੌਰ ਨੇ ਆਪਣੀ ਸਾਰੀ ਜਮੀਨ ਜਾਇਦਾਦ ਗੁਰਦੁਆਰਾ ਸਾਹਿਬ ਨੂੰ ਸੇਵਾ ਅਰਪਨ ਕਰ ਦਿੱਤੀ। ਚਮਕੌਰ ਸਿੰਘ ਸ਼ਾਇਰ ਵੀ ਸਕੂਲਾ ਦੀ ਵਿੱਤੀ ਸੇਵਾ ਦੇ ਨਾਲ-ਨਾਲ ਕਵਿਤਾਵਾਂ ਰਾਹੀ ਸਮਾਜਿਕ ਬੁਰਾਈਆ ਨਾਲ ਲੜਦੇ ਹਨ। ਜੀਤ ਸਿੰਘ, ਹਰਪਾਲ ਸਿੰਘ ਖਾਨੇਕਾ ਵਿਦੇਸ਼ਾ ਵਿੱਚ ਰਹਿ ਕਿ ਵੀ ਪਿੰਡ ਦੀ ਸੇਵਾ ਤੋਂ ਪਿੱਛੇ ਨਹੀ ਰਹਿੰਦੇ। ਸਵ: ਅਵਤਾਰ ਸਿੰਘ ਸੈਣੀ ਵੀ ਮੋਹਰੀ ਅਕਾਲੀ ਆਗੂ ਸਨ, ਸਵ: ਬਲਵਿੰਦਰ ਸਿੰਘ ਬਗੜੇ ਕਾ (ਵੱਡਾ ਫਲ੍ਹਾ) ਵੀ ਸਮਾਜ ਸੇਵਕਾਂ ਵਿਚੋਂ ਸਨ।
ਪਿੰਡ ਘੱਲ ਕਲਾਂ ਵਿਚੋ ਹੋਰ ਬਹੁਤ ਸਾਰੇ ਗਿੱਲਾਂ ਦੇ ਪਿੰਡ ਬੱਝੇ ਹਨ। ਘੱਲ ਖੁਰਦ ਵੀ ਇਸੇ ਦਾ ਹਿੱਸਾ ਹੈ। ਗਹਿਲੇ ਕੇ ਬਜੁਰਗਾ ਨੇ ਉਥੇ ਜਾ ਕੇ ਜਮੀਨ ਜਾਇਦਾਦ ਖਰੀਦੀ ਤੇ ਅੱਜ ਉਥੇ ਉਹਨਾਂ ਦੀ ਔਲਾਦ ਤਰੱਕੀ ਦੀਆ ਮੰਜ਼ਿਲਾ ਛੂਹ ਰਹੀ ਹੈ। ਕਾਰੋਬਾਰ ਵਿੱਚ ਚਰਨ ਘਾਲੀ, ਸੱਗੂ ਟੋਕਾ ਮੋਗਾ ਤੇ ਘਾਲੀ ਭਗਤੇ ਵਾਲੇ ਮਸ਼ਹੂਰ ਹਨ।
ਪਿੰਡ ਨੂੰ ਵਿਕਾਸ ਦੀਆ ਲੀਹਾ ਤੇ ਤੋਰਨ ਲਈ ਦੋ ਪੰਚਾਇਤਾ ਬਣੀਆ ਹਨ। ਸਿਮਰਨਜੀਤ ਸਿੰਘ ਰਿੱਕੀ ਦੰਦੂ ਪੱਤੀ ਤੇ ਗੁਰਪ੍ਰਤਾਪ ਸਿੰਘ ਰਾਜੂ ਮਹਿਰ ਪੱਤੀ ਦੇ ਸਰਪੰਚ ਹਨ। ਪਹਿਲਾ ਸ਼ੁਰੂ ਵਿੱਚ 1925 ਵਿੱਚ ਸ੍ਰ. ਅਮੀਰ ਸਿੰਘ ਪਿੰਡ ਦੇ ਪਹਿਲੇ ਸਰਪੰਚ ਬਣੇ, ਉਸ ਤੋ ਬਾਅਦ ਅਮਰ ਸਿੰਘ ਵਕੀਲ ਨੇ ਪਿੰਡ ਦਾ ਕਾਫੀ ਵਿਕਾਸ ਕੀਤਾ ਗਲੀਆ ਨਾਲੀਆਂ ਪੱਕੀਆ ਕਰਨਾ, ਸਕੂਲ ਦਾ ਨਿਰਮਾਣ ਅਤੇ ਸੜਕਾ ਬਣਾਉਣੀਆ ਇਹਨਾਂ ਸੱਜਣਾ ਨੂੰ ਨਸੀਬ ਹੋਈਆ। ਪਰ ਉਸ ਤੋ ਬਾਅਦ ਵਿਕਾਸ ਦੇ ਕੰਮਾ ਵਿੱਚ ਖੜੋਤ ਆ ਗਈ। ਸਰਕਾਰੇ ਦਰਬਾਰੇ ਪਹੁੰਚ ਹੋਣ ਦੇ ਬਾਵਜੂਦ ਅਫਸਰਾ ਤੇ ਲੀਡਰਾ ਨੇ ਵਾਅਦੇ ਕੀਤੇ ਤੇ ਲਾਰਿਆ ਨਾਲ ਹੀ ਸਾਰਿਆ। ਪਿੰਡ ਘੱੱਲ ਕਲਾਂ ਨੂੰ ਹਾਲੇ ਵੀ ਕਾਫੀ ਵਿਉਤਬੰਦੀ ਦੀ ਲੋੜ ਹੈ ਜਿਸ ਲਈ ਪਿੰਡ ਵਾਸੀਆਂ ਦੇ ਏਕੇ ਅਤੇ ਇਥਵਾਕ ਦੀ ਲੋੜ ਹੈ ਜਿਸ ਤਹਿਤ ਇੱਕ ਸਾਂਝਾਂ ਉਪਰਾਲਾ ਕਰਕੇ ਇਸ ਦੇ ਅਧੂਰੇ ਕਾਰਜ ਪੂਰੇ ਕੀਤੇ ਜਾ ਸਕਦੇ ਨੇ। ਪਿੰਡ ਵਾਸੀਆ ਨੇ ਸੀਵਰੇਜ ਪਾਉਣ ਲਈ ਵੀ ਕਾਫੀ ਘਾਲਣਾ ਘਾਲੀ ਪਰ ਯਤਨ ਸਫਲ ਨਹੀ ਹੋਏ। ਬਲੱਡ ਡੋਨਰਜ ਕਲੱਬ, ਬਾਬਾ ਦੀਪ ਸਿੰਘ ਕਲੱਬ ਅਤੇ ਦੋਹੇ ਪੰਚਾਇਤਾ ਮਿਲਕੇ ਕੰਮ ਕਰਨ ਤਾਂ ਪਿੰਡ ਨੂੰ ਮਾਲਵੇ ਦਾ ਹੀ ਨਹੀ ਪੰਜਾਬ ਦਾ ਨਮੂਨੇ ਦਾ ਪਿੰਡ ਬਣਾਇਆ ਜਾ ਸਕਦਾ ਹੈ। ਕੁਸ਼ਾਲੀ ਕਾ ਅਗਵਾੜ ਡੱਬਰ ਵਾਲੀ ਜਗ੍ਹਾ ਤੇ ਵਧੀਆ ਫਲਦਾਰ ਬੂਟੇ ਲਾ ਕੇ ਦੇਖਣ ਯੋਗ ਚੀਜ ਬਣਾ ਸਕਦਾ ਹੈ। ਰੇਲਵੇ ਸਟੇਸਨ ਜੋ ਕਿ ਅੱਜ ਕਲ੍ਹ ਖੰਡਰ ਬਣਿਆ ਹੋਇਆ ਹੈ, ਦੀ ਜਗ੍ਹਾ ਵਿੱਚ ਵਧੀਆ ਬੂਟੇ ਲਾ ਕੇ ਸੁੰਦਰਤਾ ਵਿੱਚ ਵਾਧਾ ਹੋ ਸਕਦਾ ਹੈ। ਡਰੋਲੀ ਰੋਡ ਤੇ ਬਣੇ ਛੱਪੜ ਨੂੰ ਸ਼ਿੰਗਾਰ ਕੇ ਦੇਖਣ ਯੋਗ ਛੱਪੜ, ਝੀਲ ਬਣ ਸਕਦਾ ਹੈ। ਨਹਿਰੀ ਪਾਣੀ ਦੀ ਘਾਟ ਨੇ ਪਿੰਡ ਦੀ ਖੇਤੀਬਾੜੀ ਤੇ ਮਾੜਾ ਪ੍ਰਭਾਵ ਪਾਇਆ ਹੈ। ਇਹ ਘਾਟ ਪਿੰਡ ਤੋ ਵੱਡੀ ਸਮੱਸਿਆ ਹੈ। ਮੋਗਾ ਜਿਮਨੀ ਚੋਣ ਸਮੇ ਲੀਡਰਾ ਨੇ ਇਸ ਘਾਟ ਨੂੰ ਪੂਰਾ ਕਰਨ ਲਈ ਕਈ ਸਬਜ਼ ਬਾਗ ਦਿਖਾਏ ਪਰ ਬਾਅਦ ਵੋਟਾ ਲੈ ਕੇ ਤੁਰਦੇ ਬਣੇ ਕੋਈ ਵਾਅਦਾ ਵਫਾ ਨਾ ਹੋਇਆ।
ਪਿੰਡ ਘੱਲ ਕਲਾਂ ਵਿੱਚ ਕਿਸਾਨਾ ਲਈ ਕੋਆਪ੍ਰੇਟਿਵ ਸੋਸਾਇਟੀ ਵਧੀਆ ਸੇਵਾਵਾ ਨਿਭਾ ਰਹੀ ਹੈ। ਨਿਰੰਜਣ ਸਿੰਘ ਨੰਜਾ, ਸਕੱਤਰ ਕਮਲਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮੰਨਾ ਤੇ ਪ੍ਰਧਾਨ ਚਮਕੌਰ ਸਿੰਘ ਵਿਰਕ ਬਾਖੂਬੀ ਇਸ ਦਾ ਪ੍ਰਬੰਧ ਚਲਾ ਰਹੇ ਹਨ। ਇਸ ਤੋ ਇਲਾਵਾ ਹਰਗੋਬਿੰਦ ਸਾਹਿਬ ਪ੍ਰਾਇਮਰੀ ਹੈਲਥ ਸੈਂਟਰ ਬਹੁਤ ਹੀ ਵਧੀਆ ਸਿਹਤ ਸਹੂਲਤਾ ਪ੍ਰਦਾਨ ਕਰ ਰਹੇ ਹਨ ਗੁਰਪ੍ਰੀਤ ਸਿੰਘ ਮੁੱਖ ਭੂਮਿਕਾ ਵਿੱਚ ਨੇ। ਵੈਟਨਰੀ ਸੇਵਾਵਾ ਲਈ ਵੀ ਪਿੰਡ ਵਿੱਚ ਡੰਗਰ ਹਸਪਤਾਲ ਹੈ। ਪਰ ਪਿੰਡ ਵੱਡਾ ਹੋਣ ਕਰਕੇ ਸਾਰੇ ਲੋਕ ਇਸ ਦਾ ਲਾਭ ਨਹੀ ਲੈ ਸਕਦੇ, ਉਂਝ ਵੀ ਇਹ ਹਸਪਤਾਲ ਪਿੰਡੋ ਬਾਹਰ ਅੱਡੇ ਉਪਰ ਹੋਣ ਕਰਕੇ ਪਸ਼ੂ ਡਰਦੇ ਹਸਪਤਾਲ ਨਹੀ ਪਹੁੰਚਦੇ ।
ਪੀਣ ਵਾਲੇ ਪਾਣੀ ਲਈ ਟੈਕੀਆ ਤਾਂ ਬਣੀਆ ਹਨ। ਪਰ ਇਹਨਾਂ ਦਾ ਪ੍ਰਬੰਧ ਪ੍ਰਾਈਵੇਟ ਹੋਣ ਕਰਕੇ ਖੜੀਆ ਰਹਿੰਦੀਆ ਹਨ ਜਾਂ ਬਿੱਲ ਨਾ ਦੇਣ ਕਾਰਨ ਇਹਨ੍ਹਾਂ ਦੇ ਕੁਨੈਕਸਨ ਵੀ ਕੱਟੇ ਹੋਏ ਹਨ ਜਿਸ ਨਾਲ ਲੋਕਾ ਨੂੰ ਗਰਮੀ ਵਿੱਚ ਕਾਫੀ ਮੁਸਕਿਲ ਆਉਦੀ ਹੈ ਅਤੇ ਦੋਨੋ ਵਾਟਰ ਵਰਕਸ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਉਂਝ ਦੋ ਆਰ.ਓ. ਸਿਸਟਮ ਚੰਗਾ ਪੀਣ ਵਾਲਾ ਸਾਫ ਪਾਣੀ ਲੋਕਾ ਤੱਕ ਪਹੁੰਚਾਉਦੇ ਹਨ।
ਆਵਾਜਾਈ ਲਈ ਸਹਿਰ ਜਾਣ ਲਈ ਟੈਪੂਆ ਦਾ ਪ੍ਰਬੰਧ ਤਾਂ ਹੈ ਪਰ ਜੇਕਰ ਸਰਕਾਰ ਦੀ ਸਕੀਮ ਮੁਤਾਬਿਕ ਟੈਪੂ ਬੰਦ ਹੋ ਗਏ ਤਾਂ ਲੋਕਾ ਨੂੰ ਕਾਫੀਪ੍ਰਸ਼ਾਨੀ ਹੋ ਸਕਦੀ ਹੈ ਕਿਉਕਿ ਪਹਿਲਾਂ ਚਲਦੀਆ ਮਿੰਨੀ ਬੱਸਾ ਨੇ ਆਪਣੇ ਰੂਟ ਬਦਲ ਲਏ ਹਨ। ਰੇਲਵੇ ਸੇਵਾਵਾ ਲਈ ਲੁਧਿਆਣਾ-ਫਿਰੋਜਪੁਰ ਰੇਲ ਲਾਇਨ ਤੇ ਕਈ ਗੱਡੀਆਂ ਚਲਦੀਆ ਹਨ ਪਰ ਕੁਝ ਕੁ ਗੱਡੀਆਂ ਹੀ ਪਿੰਡ ਘੱਲ ਕਲਾਂ ਦੇ ਸਟੇਸ਼ਨ ਤੇ ਰੁਕਦੀਆਂ ਹਨ ਜਿਸ ਨਾਲ ਰੇਲ ਸੇਵਾ ਦਾ ਪੂਰਾ ਲਾਭ ਪਿੰਡ ਵਾਸੀਆਂ ਨੂੰ ਨਸੀਬ ਨਹੀ ਹੁੰਦਾ। ਜੀ.ਟੀ ਰੋਡ ਚਹੁੰ ਮਾਰਗੀ ਹੋਣ ਕਰਕੇ ਉਥੋ ਵੀ ਪਿੰਡ ਵਾਸੀਆ ਨੂੰ ਮਿਲਦੀਆ ਸਹੂਲਤਾਂ ਹੱਥੋ ਜਾਂਦੀਆ ਹਨ। ਇੱਕ ਬੱਸਾ ਨਹੀ ਖੜ੍ਹਦੀਆਂ ਦੂਸਰਾ ਸਲ੍ਹੀਣਾ ਰੋਡ ਤੇ ਕਰਾਸਿੰਗ ਨਾ ਹੋਣ ਕਰਕੇ ਖੇਤਾ ਨੂੰ ਜਾਣ ਵਾਲਿਆ ਨੂੰ ਕਾਫੀ ਲੰਮਾ ਪੈਡਾ ਤਹਿ ਕਰਕੇ ਵਾਪਿਸ ਮੁੜਨਾ ਪੈਂਦਾ ਹੈ। ਪਿੰਡ ਵਾਸੀਆ ਦੀ ਮੰਗ ਹੈ ਕਿ ਸਲੀਣਾ ਰੋਡ ਤੇ ਵੀ ਕਰਾਸਿੰਗ ਪੁਲ ਬਣਾਇਆ ਜਾਵੇ।
ਪਿੰਡ ਦੇ ਖਿਡਾਰੀਆ ਦੇ ਖੇਡਣ ਲਈ ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਤਾਂ ਹੈ ਪਰ ਉਸ ਸਟੇਡੀਅਮ ਵਿੱਚ ਪੂਰੀ ਗਰਾਉਡ ਨਹੀ ਹੈ। ਫੁੱਟਬਾਲ ਦੀ ਗਰਾਉਡ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਮੌਜੂਦਾ ਪੰਚਾਇਤਾ ਨੇ ਇਸ ਸਟੇਡੀਅਮ ਇਸ ਦੀ ਕਾਇਆ ਕਲਪ ਕਰਨ ਦੀ ਕੁਝ ਕੋਸ਼ਿਸ਼ ਕੀਤੀ ਹੈ।
ਸਿੱਖਿਆਂ ਖੇਤਰ ਵਿੱਚ ਪੁਰਾਣੇ ਸਮੇਂ ਤੋਂ ਮੋਹਰੀ ਰਿਹਾ ਪਿੰਡ ਘੱਲ ਕਲਾਂ ਹੁਣ ਇਸ ਖੇਤਰ ਵਿੱਚ ਕਾਫੀ ਪਛੜ ਚੁੱਕਿਆ ਹੈ। ਬੱਚਿਆ ਨੂੰ ਸਿੱਖਿਅਤ ਕਰਨ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਦੋ ਪ੍ਰਾਇਮਰੀ ਸਕੂਲ ਅਤੇ ਲੜਕਿਆਂ ਦਾ ਹਾਈ ਸਕੂਲ ਹਨ। ਲੜਕੀਆਂ ਵਾਲੇ ਸਕੂਲ ਦਾ ਪ੍ਰਬੰਧ ਬਹੁਤ ਵਧੀਆ ਹੈ ਤੇ ਪੰਚਾਇਤਾ ਤੇ ਦਾਨੀ ਸੱਜਣ ਵੀ ਇਸੇ ਸਕੂਲ ਵੱਲ ਵਧੇਰੇ ਧਿਆਨ ਦਿੰਦੇ ਹਨ। ਵਿਿਦਅਕ ਪ੍ਰਾਪਤੀਆਂ ਤੇ ਹੋਰ ਗਤੀਵਧੀਆਂ ਵਿੱਚ ਇਸ ਸਕੂਲ਼ ਦੀਆਂ ਪ੍ਰਾਪਤੀਆਂ ਸਲਾਘਾਯੋਗ ਹਨ। ਪਰ ਲੜਕਿਆਂ ਵਾਲੇ ਸਕੂਲ ਵਿਕਾਸ ਲਈ ਧਿਆਨ ਮੰਗਦੇ ਹਨ। ਸਰਕਾਰੀ ਗ੍ਰਾਟਾਂ ਨਾਲ ਲੜਕਿਆਂ ਵਾਲੇ ਹਾਈ ਸਕੂਲ ਦੀ ਇਮਾਰਤ ਦਾ ਨਵ ਨਿਰਮਾਣ ਹੋ ਚੁੱਕਾ ਹੈ।
ਇੱਕ ਹੋਰ ਵਿਲੱਖਣ ਜਗ੍ਹਾ ਬਾਬਾ ਭੂਸ਼ ਜੀ ਦੀ ਸਮਾਧ ਹੈ ਜਿੱਥੋਂ ਦੂਰੋ ਦੂਰੋ ਲੋਕ ਹਲਕੇ ਕੁੱਤੇ ਦੇ ਕੱਟ ਜਾਣ ਤੇ ਪਾਣੀ ਦੀਆਂ ਚੂਲੀਆ ਲੈਣ ਆਉਦੇ ਹਨ। ਸਵ. ਸ਼ਮਸ਼ੇਰ ਸਿੰਘ ਸਹਿਗਲ ਦੇ ਬੇਟੇ ਮਨਦੀਪ ਸਿੰਘ ਸਹਿਗਲ ਬੜੀ ਲਗਨ ਨਾਲ ਇਸ ਅਸਥਾਨ ਦੀ ਸੇਵਾ ਨਿਭਾ ਰਹੇ ਹਨ। ਹਰ ਸਾਲ ਬਾਬੇ ਭੂਸ਼ ਜੀ ਦੀ ਬਰਸ਼ੀ ਮਨਾਈ ਜਾਂਦੀ ਹੈ।
ਮਹਾਨ ਦੇਸ਼ ਭਗਤ ਪਾਰਕ ਮੂਰਤੀ ਕਲਾ ਦਾ ਇੱਕ ਸੁੰਦਰ ਨਮੂਨਾ ਹੈ। ਵਿਸ਼ਵ ਪ੍ਰਸਿੱਧ ਆਰਟਿਸਟ ਮਨਜੀਤ ਸਿੰਘ ਦੀ ਜਨਮ ਭੂਮੀ ਹੋਣ ਕਰਕੇ ਉਹਨਾ ਨੇ ਆਪ ਜਗ੍ਹਾ ਲੈ ਕੇ ਮਹਾਨ ਦੇਸ਼ ਭਗਤ ਪਾਰਕ ਦਾ ਕਾਰਜ ਅਰੰਭਿਆ ਹੈ ਜਿਥੇ ਸੁਰਜੀਤ ਪਾਤਰ, ਜਸਵੰਤ ਕੰਵਲ ਵਰਗੀਆਂ ਸਖਸ਼ੀਅਤਾ ਨਾਲ ਪਿੰਡ ਦੀ ਪੰਜਾਬੀ ਸਾਹਿਤ ਸਭਾ ਸਾਹਿਤਕ ਪ੍ਰੋਗਰਾਮ ਕਰ ਚੁੱਕੀ ਹੈ। ਮਹਾਨ ਦੇਸ਼ ਭਗਤ ਪਾਰਕ ਵਿੱਚ ਸ਼ਹੀਦਾ ਦੇ ਨਾਲ-ਨਾਲ ਮਿਲਖਾ ਸਿੰਘ, ਡਾ. ਅਬਦੁਲ ਕਲਾਮ ਅਜ਼ਾਦ ਅਤੇ ਨੀਰਜ਼ਾ ਭਨੋਟ ਜਿਹੀਆਂ ਸ਼ਖਸ਼ੀਅਤਾਂ ਦੇ ਅਤੇ ਹੋਰ ਬੁੱਤ ਲੱਗੇ ਹੋਏ ਇਸ ਕਾਰਜ ਵਿੱਚ ਮਨਜੀਤ ਸਿੰਘ ਦੇ ਭਰਾ ਸੁਰਜੀਤ ਸਿੰਘ ਵੀ ਉਹਨਾਂ ਦਾ ਪੂਰਨ ਸਹਿਯੋਗ ਦਿੰਦੇ ਨੇ।
ਹੁਣ ਦੇ ਸਮੇਂ ਵਿੱਚ ਪਿੰਡ ਦੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਨੌਜਵਾਨਾਂ ਵੱਲੋਂ ਓਵਰਸੀਜ਼ ਘੱਲ ਕਲਾਂ ਨਾਮ ਦੀ ਸੰਸਥਾ ਦਾ ਗਠਨ ਕੀਤਾ ਹੈ ਜਿਸ ਦੇ ਸਹਿਯੋਗ ਨਾਲ ਪਿੰਡ ਵਿੱਚ ਕਾਫੀ ਵਿਕਾਸ ਕਾਰਜ ਹੋ ਰਹੇ ਨੇ। ਓਵਰਸੀਜ਼ ਗਰੁੱਪ ਵੱਲੋਂ ਸੀਸੀਟੀਵੀ ਕੈਮਰੇ, ਦਿਸ਼ਾ ਸੂਚਕ ਬੋਰਡ, ਕਲੀਨੀਕਲ ਲੈਬ, ਪਿੰਡ ਦੀ ਸਾਫ ਸਫਾਈ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਕੀਤੀ ਜਾ ਰਹੀ ਹੈ। ਗਰੁੱਪ ਵੱਲੋਂ ਖੇਡਾਂ ਅਤੇ ਪੜਾਈ ਲਈ ਲੋੜਵੰਦ ਤੇ ਵਧੀਆ ਕਾਰਗੁਜਾਰੀ ਵਾਲੇ ਖਿਡਾਰੀਆਂ ਅਤੇ ਵਿਿਦਆਰਥੀਆਂ ਦੀ ਮਦਦ ਲਈ ਵੱਖਰੀ ਕਮੇਟੀ ਬਣਾਈ ਹੋਈ ਹੈ। ਇਹਨਾ ਪ੍ਰਾਪਤੀਆਂ ਕਰਕੇ ਹੀ ਸਾਨੂੰ ਆਪਣੇ ਪਿੰਡ ਤੇ ਪੂਰਾ ਮਾਣ ਹੈ।
ਲਿਖਤ ਮਰਹੂਮ ਡਾਕਟਰ ਬਲਰਾਜ ਸਿੰਘ ਜੱਖੂ